Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Wednesday, November 3, 2010

ਹਮੇਸ਼ਾ ਧੂਮ-ਧਾਮ ਨਾਲ ਮਨਾਈਏ ਉਹ ਦਿਨ ਜਿਹੜੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੇ ਹਨ

     ਬਚਪਨ ਦੇ ਦਿਨਾਂ ਵਿੱਚ ਜਦ ਵੀ ਦੀਵਾਲੀ ਦਾ ਤਿਉਹਾਰ ਆਉਂਦਾ ਤਾਂ ਮਿਠਿਆਈਆਂ ਖਾਣ ਅਤੇ ਪਟਾਕੇ ਚਲਾਉਣ ਤੋਂ ਬਿਨਾਂ ਹੋਰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਹੁੰਦਾ ਕਿ ਇਹ ਦੀਵਾਲੀ ਦਾ ਤਿਉਹਾਰ ਕਿਉਂ ਮਨਾਇਆ ਜਾਂਦਾ, ਇਸ ਦੀ ਕੀ ਮਹੱਤਤਾ ਹੈ। ਫਿਰ ਥੋੜੇ ਵੱਡੇ ਹੋਏ ਤੇ ਹਾਈ ਸਕੂਲ 'ਚ ਪਹੁੰਚੇ ਤਾਂ ਪੰਜਾਬੀ ਵਾਲ਼ੇ ਮਾਸਟਰ ਤੇ ਹਿੰਦੀ ਵਾਲ਼ੀ ਮਾਸਟਰਨੀ ਨੇ ਦੀਵਾਲ਼ੀ ਦਾ ਲੇਖ ਲਿਖਵਾਇਆ ਜਿਸ ਰਾਹੀਂ ਉਨ੍ਹਾਂ ਦੱਸਿਆ ਕਿ ਕਿਵੇਂ ਇਸ ਤਿਉਹਾਰ ਦੀ ਸ਼ੁਰੂਆਤ ਹੋਈ, ਸਿੱਖਾਂ ਅਤੇ ਹਿੰਦੂਆਂ ਵੱਲੋਂ ਇਸ ਨੂੰ ਸਾਂਝੇ ਤਿਉਹਾਰ ਵਜੋਂ ਕਿਉਂ ਮਨਾਇਆ ਜਾਂਦਾ ਹੈ। ਥੋੜਾ ਹੋਰ ਵੱਡੇ ਹੋਏ ਤਾਂ ਇਹ ਵੀ ਸੁਨਣ ਨੂੰ ਮਿਲਿਆ ਕਿ ਇਸ ਤਿਉਹਾਰ ਨਾਲ ਸਬੰਧਤ ਕੁਝ ਗੱਲਾਂ ਇਤਿਹਾਸਕ ਹਨ ਅਤੇ ਕੁਝ ਗੱਲਾਂ ਮਿਥਿਹਾਸਕ ਹਨ। ਕਿਹੜੀਆ ਗੱਲਾਂ ਵਿੱਚ ਕਿੰਨੀ ਕੁ ਸਚਾਈ ਤੇ ਕਿੰਨਾ ਕੁ ਝੂਠ ਹੈ ਇਹ ਤਾ ਇਤਿਹਾਸਕਾਰ ਹੀ ਦੱਸ ਸਕਦੇ ਹਨ। ਪਰ ਮੇਰੀ ਸੋਚ ਤਾਂ ਇਹੋ ਹੈ ਕਿ ਜੇ ਸਾਲ ਵਿੱਚ ਕੁਝ ਦਿਨ ਇਹੋ ਜਿਹੇ ਆਉਂਦੇ ਹਨ ਜਿੰਨ੍ਹਾਂ ਦਿਨਾਂ ਵਿੱਚ ਲੋਕ ਨਫਰਤਾਂ ਨੂੰ ਭੁੱਲ ਪਿਆਰ ਨਾਲ ਇੱਕ ਦੂਜੇ ਨੂੰ ਮਿਲਦੇ ਹਨ ਤੇ ਰਲ਼-ਮਿਲ਼ ਕੇ ਜਸ਼ਨ ਮਨਾਉਂਦੇ ਹਨ। ਇਹੋ ਜਿਹੇ ਦਿਨ ਤਾਂ ਸਾਲ ਵਿੱਚ ਵਾਰ-ਵਾਰ ਆਉਣੇ ਚਾਹੀਦੇ ਹਨ। ਵਾਰ-ਵਾਰ ਕੀ ਸਗੋਂ ਹਰ ਦਿਨ ਹੀ ਇਹੋ ਜਿਹਾ ਹੋਣਾ ਚਾਹੀਦਾ ਹੈ। ਫਿਰ ਭਾਵੇਂ ਉਹ ਦਿਨ ਇਤਿਹਾਸਕ ਤੱਥਾਂ ਨਾਲ ਜੁੜਿਆ ਹੋਵੇ ਭਾਵੇਂ ਮਿਥਿਹਾਸਕ ਤੱਥਾਂ ਨਾਲ। ਕੁਝ ਸਿਆਸੀ ਲੋਕਾਂ ਨੂੰ ਛੱਡ ਸਭ੍ਹ ਦਾ ਸੁਪਨਾ ਵੀ ਤਾਂ ਇਹੋ ਹੀ ਹੈ ਕਿ ਹਰ ਪਾਸੇ ਸ਼ਾਂਤੀ ਹੋਵੇ, ਨਫ਼ਰਤ ਘਟੇ ਤੇ ਪਿਆਰ ਵਧੇ ਤਾਂ ਕਿ ਦੁਨੀਆਂ ਵਿੱਚ ਹਰ ਪਾਸੇ ਹੋ ਰਹੀ ਤਬਾਹੀ ਨੂੰ ਰੋਕਿਆ ਜਾ ਸਕੇ। ਜੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ ਤਾਂ ਆਓ ਫਿਰ ਰਲ਼-ਮਿਲ਼ ਕੇ ਮਨਾਈਏ ਦੀਵਾਲੀ। ਇਸ ਦੀਵਾਲੀ 'ਤੇ ਸਾਰੇ ਪਹਿਲਾਂ ਤਾਂ ਇੱਕ ਝਾਤ ਬਚਪਨ ਦੇ ਦਿਨਾਂ 'ਤੇ ਪਾਈਏ, ਮਨਾਈਏ ਦੀਵਾਲੀ ਬਚਪਨ ਦੇ ਸਾਥੀਆਂ ਸੰਗ, ਕੁਝ ਪਲਾਂ ਲਈ ਹੀ ਸਹੀ ਪਰ ਭੁੱਲ ਜਾਈਏ ਜੱਗ ਦੇ ਝਮੇਲਿਆਂ ਨੂੰ। ਪਰਤ ਜਾਈਏ ਫਿਕਰਾਂ ਤੋਂ ਬੇਪਰਵਾਹ ਜ਼ਿੰਦਗੀ ਦੇ ਦਿਨਾਂ ਵਿੱਚ।