Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Monday, August 9, 2010

ਦੇਸ਼ ਨੂੰ ਖੁਸ਼ਹਾਲ ਬਨਾਉਣ ਲਈ, ਨਿੱਜ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ


ਹਿੰਦੋਸਤਾਨ ਨੂੰ ਆਜ਼ਾਦ ਹੋਇਆਂ 63 ਸਾਲ ਹੋ ਗਏ ਹਨ। ਸੂਰਮਿਆਂ ਕੁਰਬਾਨੀਆਂ ਦੇ ਕੇ ਦੇਸ਼ ਤਾਂ ਆਜ਼ਾਦ ਕਰਵਾ ਦਿੱਤਾ। ਪਰ ਕੀ ਅਸੀਂ ਉਸ ਆਜ਼ਾਦੀ ਦਾ ਪੂਰਾ ਆਨੰਦ ਮਾਣ ਰਹੇ ਹਾਂ? ਕੀ ਅਸੀਂ ਉਹਨਾਂ ਦੀ ਸੋਚ ਉੱਤੇ ਪਹਿਰਾ ਦੇ ਰਹੇ ਹਾਂ? ……ਮੇਰੇ ਖ਼ਿਆਲ ਮੁਤਾਬਿਕ ਬਿਲਕੁਲ ਨਹੀਂ। ਕਿਉਂਕਿ ਜੇ ਅਸੀਂ ਉਹਨਾਂ ਦੀ ਸੋਚ 'ਤੇ ਪਹਿਰਾ ਦਿੰਦੇ ਹੁੰਦੇ ਤਾਂ ਅੱਜ ਹਿੰਦੋਸਤਾਨ ਵਿੱਚ ਲੋਕਾਂ ਨੂੰ ਭੁੱਖੇ ਢਿੱਡ ਸੜਕਾਂ ਕਿਨਾਰੇ ਨਾ ਸੌਣਾ ਪੈਂਦਾ, ਡਿਗਰੀਆਂ ਲੈ ਕੇ ਸੜਕਾਂ 'ਤੇ ਧਰਨੇ ਦੇ ਕੇ ਨੌਕਰੀਆਂ ਮੰਗਦਿਆਂ ਡਾਂਗਾ ਨਾ ਖਾਣੀਆਂ ਪੈਂਦੀਆਂ, ਨਿੱਕੇ-ਨਿੱਕੇ ਦਫਤਰੀ ਕੰਮਾਂ ਲਈ ਗੁਲਾਮਾਂ ਵਾਂਗ ਲੇਲੜੀਆ ਨਾ ਕੱਡਣੀਆਂ ਪੈਂਦੀਆਂ, ਦੇਸ਼ ਦਾ ਢਿੱਡ ਭਰਨ ਵਾਲਾ ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜ਼ਬੂਰ ਨਾ ਹੁੰਦਾ। ਦੇਸ਼ ਕਿਵੇਂ ਆਜ਼ਾਦ ਹੋਇਆ ਇਸ ਨੂੰ ਆਜ਼ਾਦ ਕਰਵਾਉਣ ਲਈ ਕੀ-ਕੀ ਕਰਨਾ ਪਿਆ ਇਹ ਤੁਸੀਂ ਮੇਰੇ ਤੋਂ ਵੀ ਬੇਹਤਰ ਜਾਣਦੇ ਹੋਵੋਂਗੇ। ਮੈਂ ਆਪਣੀ ਸੋਚ ਮੁਤਾਬਿਕ ਅੱਜ ਤੁਹਾਡਾ ਥੋੜਾ ਜਿਹਾ ਧਿਆਨ ਇਸ ਗੱਲ ਵੱਲ ਦਿਵਾਉਣਾ ਚਾਹੁੰਦਾ ਹਾਂ ਕਿ
ਸਾਨੂੰ ਕਰਨਾ ਕੀ ਚਾਹੀਦਾ ਹੈ ਤੇ ਅਸੀਂ ਕਰ ਕੀ ਰਹੇ ਹਾਂ। ਅਸੀਂ ਦੇਸ਼ ਦੀ ਆਜ਼ਾਦੀ ਲਈ ਸ਼ਹੀਦ ਹੋਏ ਸੂਰਮਿਆਂ ਦੇ ਜਨਮ ਦਿਨ, ਸ਼ਹੀਦੀ ਦਿਨ ਜਾਂ ਹੋਰ ਕੁਝ ਕੁ ਖਾਸ ਦਿਨਾਂ ਉੱਪਰ ਉਹਨਾਂ ਦੇ ਬੁੱਤਾਂ ਤੋਂ ਗਰਦਾ ਝਾੜ ਕੇ ਤੇ ਉਹਨਾਂ ਦੇ ਗਲ਼ ਫੁੱਲਾਂ ਦੇ ਹਾਰ ਪਾ ਕੇ ਸਮਝ ਲੈਂਦੇ ਹਾਂ ਕਿ ਅਸੀਂ ਉਹਨਾਂ ਪ੍ਰਤੀ ਬਣਦਾ ਆਪਣਾ ਫਰਜ ਨਿਭਾ੍ਹ ਦਿੱਤਾ। ਪਰ ਅਸਲ ਵਿੱਚ ਜੋ ਸਾਡਾ ਫਰਜ ਬਣਦਾ ਹੈ, ਜਿਵੇਂ ਉਹਨਾਂ ਦੀ ਸੋਚ ਨੂੰ ਬਚਾ ਕੇ ਮਿਲੀ ਆਜ਼ਾਦੀ ਨੂੰ ਕਾਇਮ ਰੱਖਣਾ। ਉਹ ਅਸੀਂ ਬਿਲਕੁਲ ਨਹੀਂ ਕਰਦੇ। ਉਹ ਸਾਰੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਲੜਦੇ ਰਹੇ ਤੇ ਅਸੀਂ ਨਿਜ ਤੋਂ ਉੱਚਾ ਉੱਠ ਕੇ ਸੋਚ ਹੀ ਨਹੀਂ ਸਕਦੇ। ਉਹ ਚਾਹੁੰਦੇ ਸੀ ਸਭ੍ਹ ਨੂੰ ਬਰਾਬਰ ਦੇ ਹੱਕ ਮਿਲਣ, ਪਰ ਅਸੀਂ ਚਾਹੁੰਦੇ ਹਾਂ ਜੋ ਮਿਲੇ ਸਾਨੂੰ ਮਿਲੇ, ਦੂਜਾ ਕੱਲ ਮਰਦਾ ਭਾਵੇਂ ਅੱਜ ਮਰੇ ਇਸ ਨਾਲ ਕੋਈ ਫਰਕ ਨਹੀਂ। ਦੇਸ਼ ਤਾਂ ਆਜ਼ਾਦ ਹੋ ਗਿਆ ਪਰ ਸਾਡੀ ਸੋਚ ਕਿਸੇ ਨਾ ਕਿਸੇ ਤਰੀਕੇ ਅਜੇ ਤੱਕ ਵੀ ਗੁਲਾਮ ਹੀ ਹੈ। ਇਸ ਲਈ ਆਜ਼ਾਦ ਹੁੰਦਿਆਂ ਹੋਇਆਂ ਵੀ ਅਸੀਂ ਗੁਲਾਮਾਂ ਵਰਗੀ ਜ਼ਿੰਦਗੀ ਜੀਅ ਰਹੇ ਹਾਂ। ਜਦੋਂ ਖੁਦ ਨੂੰ ਬਣਦਾ ਹੱਕ ਨਹੀਂ ਮਿਲਦਾ ਤਾਂ ਅਸੀਂ ਇਸ ਗੱਲ ਦਾ ਦੋਸ਼ ਹਮੇਸ਼ਾ ਸਮੇਂ ਦੀਆਂ ਸਰਕਾਰਾਂ ਨੂੰ ਦੇ ਕੇ ਆਪਣੇ ਫਰਜਾਂ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਪਰ ਜ਼ਰਾ ਸੋਚ ਕੇ ਵੇਖੋ ਇਹ ਸਰਕਾਰਾਂ ਆਉਂਦੀਆਂ ਕਿੱਥੋਂ ਨੇ। ਇਹ ਅਸਮਾਨੋਂ ਤਾਂ ਡਿੱਗੀਆਂ ਨਹੀਂ ਸਗੋਂ ਸਾਡੀਆਂ ਹੀ ਚੁਣੀਆਂ ਹੋਈਆਂ ਹੁੰਦੀਆਂ ਨੇ। ਚੌਧਰ ਦੇ ਭੁੱਖਿਆਂ ਨੇ ਤਾਂ ਆਪਣੀ ਚੌਧਰ ਕਾਇਮ ਰੱਖਣ ਲਈ ਹਰ ਚੰਗਾ ਮਾੜਾ ਤਰੀਕਾ ਅਪਨਾਉਣਾਂ ਹੁੰਦਾ। ਪਰ ਗਲਤ ਸਰਕਾਰਾਂ ਚੁਨਣ ਵਿੱਚ ਸਾਡਾ ਆਪਣਾ ਕਿੰਨਾ ਕੁ ਹੱਥ ਹੁੰਦਾ। ਇਹ ਜਾਨਣ ਲਈ ਦੂਰ ਜਾਣ ਦੀ ਲੋੜ ਨਹੀਂ, ਆਪਾਂ ਆਪਣੇ ਪਿੰਡਾਂ ਵੱਲ ਹੀ ਝਾਤ ਮਾਰ ਕੇ ਵੇਖ ਲਈਏ ਕਿ ਇਸ ਵਿੱਚ ਸਾਡਾ ਕਿੰਨਾ ਕੁ ਕਸੂਰ ਹੈ। ਕਿਉਂਕਿ ਇਹ ਸਾਰਾ ਮਸਲਾ ਅਸਲ ਵਿੱਚ ਤਾਂ ਪਿੰਡ ਦੀਆਂ ਪੰਚਾਇਤੀ ਚੋਣਾ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਜਿਉਂ ਹੀ ਚੋਣਾਂ ਦਾ ਐਲਾਨ ਹੁੰਦਾ ਹੈ, ਸਾਰਾ ਪਿੰਡ ਪੱਬਾਂ ਭਾਰ ਹੋ ਜਾਂਦਾ ਹੈ। ਕਿਹੜਾ ਸਰਪੰਚ ਤੇ ਕਿਹੜੇ ਮੈਂਬਰ ਬਨਾਉਣੇ ਹਨ ਇਸ ਗੱਲ ਨੂੰ ਲੈ ਕੇ ਪਿੰਡ ਵਿੱਚ ਧੜੇਬਾਜ਼ੀ ਸ਼ੁਰੂ ਹੋ ਜਾਂਦੀ ਹੈ। ਕੁਝ ਪਿੰਡਾਂ ਵਿੱਚ ਪੰਚਾਇਤ ਸਰਬ ਸੰਮਤੀ ਨਾਲ ਚੁਣ ਲਈ ਜਾਂਦੀ ਹੈ ਪਰ ਜ਼ਿਆਦਾਤਰ ਇਹੋ ਵੇਖਣ ਨੂੰ ਮਿਲਦਾ ਹੈ ਕਿ ਧੜਿਆਂ ਵਿੱਚ ਵੰਡਿਆ ਪਿੰਡ ਆਪੋ-ਆਪਣੀ ਮਰਜ਼ੀ ਦੀ ਪੰਚਾਇਤ ਚੁਨਣਾ ਚਾਹੁੰਦਾ ਹੈ। ਬਿਨਾਂ ਇਹ ਸੋਚੇ ਕਿ ਜਿਸ ਪੰਚਾਇਤ ਦੀ ਉਹ ਚੋਣ ਕਰਨ ਜਾ ਰਹੇ ਹਨ ਕੀ ਉਹ ਇਸ ਜ਼ਿੰਮੇਵਾਰੀ ਦੇ ਯੋਗ ਵੀ ਹੈ ਜਾਂ ਨਹੀਂ। ਕੀ ਉਹ ਪਿੰਡ ਦਾ ਕੁਝ ਸੰਵਾਰ ਵੀ ਸਕੇਗੀ ਜਾਂ ਨਹੀਂ। ਇਸ ਗੱਲ ਦੀ ਉਹ ਪਰਵਾਹ ਕਰਨ ਵੀ ਕਿਉਂ। ਸਭ੍ਹ ਨੂੰ ਤਾਂ ਆਪੋ-ਆਪਣੀ ਪਈ ਹੁੰਦੀ ਹੈ ਦੂਜੇ ਦੀ ਪਰਵਾਹ ਕੋਣ ਕਰਦਾ। ਹਰ ਇੱਕ ਨੂੰ ਇਹੋ ਹੁੰਦਾ ਕਿ ਜੇ ਪੰਚਾਇਤ ਸਾਡੀ ਮਰਜ਼ੀ ਦੀ ਹੋਊ ਤਾਂ ਜੇ ਕੱਲ ਨੂੰ ਕੋਈ ਵੀ ਗੱਲਬਾਤ ਹੋਊ ਉਹ ਸਾਡਾ ਪੱਖ ਪੂਰੇਗੀ। ਪਿੰਡ ਵਿੱਚ ਆਪਾਂ ਨੂੰ 'ਕੱਲੇ-'ਕੱਲੇ ਬੰਦੇ ਦਾ ਪਤਾ ਹੁੰਦਾ ਕਿ ਕੌਣ ਪਿੰਡ ਦਾ ਸੰਵਾਰਨ ਵਾਲਾ ਤੇ ਕੌਣ ਪਿੰਡ ਦਾ ਵਿਗਾੜਨ ਵਾਲਾ ਪਰ ਫਿਰ ਵੀ ਅਸੀਂ ਪੱਖ ਸਿਰਫ ਆਪਣੇ ਨਜ਼ਦੀਕੀ ਦਾ ਹੀ ਪੂਰਨਾ ਹੁੰਦਾ ਚਾਹੇ ਉਹ ਗਲਤ ਹੀ ਕਿਉਂ ਨਾ ਹੋਵੇ। ਵੋਟਾਂ ਵਿੱਚ ਖੜਨ ਵਾਲੇ ਜਿੱਤਣ ਲਈ ਹਰ ਹੀਲਾ ਅਪਣਾਉਂਦੇ ਹਨ। ਜਿਹੜੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਹਨ ਉਹ ਤਾਂ ਠੀਕ ਹੈ ਪਰ ਜਿਹੜੀਆਂ ਵੋਟਾਂ ਉਹਨਾਂ ਦੇ ਹੱਕ ਵਿੱਚ ਨਹੀਂ ਪੈਂਦੀਆਂ ਲੱਗਦੀਆਂ ਉਹਨਾਂ ਨੂੰ ਆਪਣੇ ਹੱਕ ਵਿੱਚ ਪਵਾਉਣ ਲਈ ਉਹ ਵੋਟਰਾਂ ਨੂੰ ਲਾਲਚ ਦੇ ਕੇ ਖ੍ਰੀਦਣ ਦੀ ਕੋਸ਼ਿਸ਼ ਕਰਦੇ ਹਨ। ਫਿਰ ਕੋਈ ਵੋਟਰ ਸ਼ਰਾਬ ਦੀ ਬੋਤਲ ਵਿੱਚ ਹੀ ਵਿਕ ਜਾਂਦਾ, ਕੋਈ ਡੋਡਿਆਂ ਦੇ ਲੀਟਰ ਵਿੱਚ ਤੇ ਜੇ ਕੋਈ ਆਰਥਿਕ ਪੱਖੋਂ ਕਮਜ਼ੋਰ ਲੱਗਦਾ ਉਹਨੂੰ ਪੈਸੇ ਦੇ ਕੇ ਖ੍ਰੀਦ ਲਿਆ ਜਾਂਦਾ। ਇਸ ਤੋਂ ਬਿਨਾ ਇਹ ਘਰ-ਘਰ ਜਾ ਕੇ ਹੱਥ ਜੋੜ ਕੇ ਵੋਟਾਂ ਮੰਗਦੇ ਇਹੋ ਕਹਿ ਰਹੇ ਹੁੰਦੇ ਹਨ ਕਿ ਸਾਨੂੰ ਆਪਣਾ ਕੀਮਤੀ ਵੋਟ ਦੇ ਕੇ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿਓ। ਉਮੀਦਵਾਰਾਂ ਵੱਲੋਂ ਵੋਟਾਂ ਵਾਲੇ ਦਿਨਾਂ ਵਿੱਚ ਪਿੰਡ ਵਿੱਚ ਸ਼ਰਾਬ, ਡੋਡੇ ਅਤੇ ਹੋਰ ਨਸ਼ੇ ਮੁਫਤ ਵੰਡੇ ਜਾਂਦੇ ਹਨ। ਫਿਰ ਨਸ਼ੇ ਵਿੱਚ ਟੱਲੀ ਹੋਏ ਪਿੰਡ ਵਾਸੀ ਆਪੋ ਵਿੱਚ ਨਿੱਤ ਡਾਂਗੋ-ਡਾਂਗੀ ਹੁੰਦੇ ਹਨ। ਕਈ ਲੋੜ ਤੋਂ ਜ਼ਿਆਦਾ ਨਸ਼ਾ ਕਰਕੇ ਇਸ ਜਹਾਨੋ ਕੂਚ ਵੀ ਕਰ ਜਾਂਦੇ ਹਨ। ਹੁਣ ਸੋਚੋ ਜਿਹੜੇ ਉਮੀਦਵਾਰਾਂ ਨੇ ਜਿੱਤਣ ਤੋਂ ਪਹਿਲਾਂ ਹੀ ਪਿੰਡ ਵਿੱਚ ਬਰਬਾਦੀ ਦਾ ਮੁੱਢ ਬੰਨ ਦਿੱਤਾ ਹੈ, ਉਹ ਬਾਅਦ ਵਿੱਚ ਪਿੰਡ ਦੀ ਕਿਹੋ ਜਿਹੀ ਸੇਵਾ ਕਰਨਗੇ ਤੇ ਇਹਨਾਂ ਦੀ ਕੀਤੀ ਸੇਵਾ ਨਾਲ ਪਿੰਡ ਦਾ ਬਾਅਦ ਵਿੱਚ ਕੀ ਹਾਲ ਹੋਵੇਗਾ ਤੁਸੀਂ ਖੁਦ ਸੋਚ ਸਕਦੇ ਹੋ। ਜੇ ਅਸੀਂ ਐਨੀ ਕੁ ਗੱਲ ਸਮਝ ਕੇ ਪਿੰਡ ਵਿੱਚ ਸਹੀ ਪੰਚਾਇਤ ਦੀ ਚੋਣ ਕਰਨੀ ਸ਼ੁਰੂ ਕਰ ਦੇਈਏ ਕਿ ਅਸੀਂ ਸਾਥ ਉਹਦਾ ਦੇਣਾ ਜਿਹੜਾ ਪਿੰਡ ਦਾ ਕੁਝ ਸੰਵਾਰ ਸਕੇ, ਬਿਨਾ ਇਸ ਗੱਲ ਦੀ ਪਰਵਾਹ ਕੀਤਿਆਂ ਕਿ ਉਹ ਸਾਡਾ ਨਜ਼ਦੀਕੀ ਹੈ ਜਾਂ ਨਹੀਂ। ਜੇ ਅਸੀਂ ਐਨੀ ਕੁ ਹਿੰਮਤ ਕਰਕੇ ਪਿੰਡ ਨੂੰ ਸ਼ਾਂਤਮਈ ਤੇ ਖੁਸ਼ਹਾਲ ਬਨਾਉਣ ਵਿੱਚ ਕਾਮਯਾਬ ਹੋ ਜਾਂਦੇ ਹਾਂ ਤਾਂ ਗੱਲ ਪਿੰਡਾਂ ਤੋਂ ਸ਼ੁਰੂ ਹੋ ਕੇ ਜ਼ਿਲੇ ਤੇ ਜ਼ਿਲਿਆਂ ਤੋਂ ਸੂਬੇ ਤੇ ਸੂਬੇ ਤੋਂ ਦੇਸ਼ ਲਈ ਸਹੀ ਸਰਕਾਰ ਚੁਣ ਕੇ ਦੇਸ਼ ਨੂੰ ਵੀ ਸ਼ਾਤ ਅਤੇ ਖੁਸ਼ਹਾਲ ਬਨਾਉਣ ਵਿੱਚ ਵੀ ਇੱਕ ਦਿਨ ਜ਼ਰੂਰ ਕਾਮਯਾਬ ਹੋ ਜਾਵਾਂਗੇ। ਸਹੀ ਸਰਕਾਰ ਹੋਵੇਗੀ ਤਾਂ ਸਾਰੇ ਪ੍ਰਬੰਧ ਵੀ ਆਪਣੇ ਆਪ ਸਹੀ ਹੋ ਜਾਣਗੇ। ਫਿਰ ਗੁਲਾਮਾਂ ਵਾਂਗ ਹੱਥ ਜੋੜ ਲੇਲੜੀਆਂ ਨਹੀਂ ਕੱਢਣੀਆਂ ਪੈਣਗੀਆਂ। ਅੰਨਦਾਤਾ ਆਤਮ ਹੱਤਿਆ ਕਰਨ ਲਈ ਮਜਬੂਰ ਨਹੀਂ ਹੋਵੇਗਾ, ਡਿਗਰੀਆਂ ਵਾਲੇ ਸੜਕਾਂ 'ਤੇ ਧੱਕੇ ਨਹੀਂ ਖਾਣਗੇ। ਜਦੋਂ ਇਸ ਤਰ੍ਹਾਂ ਹੋ ਜਾਵੇਗਾ, ਉਸ ਦਿਨ ਹੀ ਸ਼ਹੀਦਾਂ ਨੂੰ ਸਾਡੇ ਵੱਲੋਂ ਸੱਚੀ ਸਰਧਾਂਜਲੀ ਹੋਵੇਗੀ। ਇੱਕ ਬੇਨਤੀ ਮੀਡੀਆ ਵਾਲਿਆਂ ਅੱਗੇ ਵੀ ਹੈ ਕਿਉਂਕਿ ਕਹਿੰਦੇ ਨੇ ਕਿ ਮੀਡੀਏ ਦਾ ਸਰਕਾਰਾਂ ਬਨਾਉਣ ਤੇ ਲਾਹੁਣ ਵਿੱਚ ਬਹੁਤ ਵੱਡਾ ਯੋਗਦਾਨ ਹੁੰਦਾ। ਮੈਂ ਵੀ ਪਿਛਲੇ ਕੁਝ ਸਮੇਂ ਤੋਂ ਮੀਡੀਆ ਨਾਲ ਜੁੜਿਆ ਹੋਇਆ ਹਾਂ ਤੇ ਇਹ ਗੱਲ ਵੀ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਅਖ਼ਬਾਰ, ਰੇਡੀਓ ਜਾਂ ਟੀ ਵੀ ਚਲਾਉਣ ਲਈ ਆਰਥਿਕ ਮੱਦਦ ਦੀ ਲੋੜ ਹੁੰਦੀ ਹੈ ਤੇ ਜਿਹੜੇ ਇਹ ਮੱਦਦ ਕਰਦੇ ਹਨ ਉਹਨਾਂ ਦੀ ਗੱਲ ਕਰਨੀ ਪੈਂਦੀ ਹੈ। ਪਰ ਪਿੰਜਰੇ ਵਿੱਚ ਪਾਏ ਤੋਤੇ ਵਾਂਗ ਹਮੇਸ਼ਾ ਉਹਨਾਂ ਦੀ ਹੀ ਬੋਲੀ ਬੋਲਣੀ ਵੀ ਚੰਗੀ ਗੱਲ ਨਹੀਂ। ਤੁਹਾਡੇ ਜ਼ਰੀਏ ਹੀ ਲੋਕਾਂ ਨੂੰ ਸੱਚ ਝੂਠ ਦਾ ਪਤਾ ਲੱਗਣਾ ਹੁੰਦਾ ਹੈ ਜੇ ਤੁਸੀਂ ਹੀ ਗਲਤ ਖ਼ਬਰਾਂ ਦੇ ਕੇ ਲੋਕਾਂ ਨੂੰ ਗੁਮਰਾਹ ਕਰੀ ਜਾਵੋਂਗੇ ਤਾਂ ਉਹਨਾਂ ਨੂੰ ਵੀ ਸਹੀ ਗਲਤ ਦਾ ਫੈਸਲਾ ਲੈਣਾ ਔਖਾ ਹੋ ਜਾਵੇਗਾ। ਜੇ ਰਲ ਮਿਲ ਕੇ ਐਨਾ ਕੁ ਹੰਭਲਾ ਮਾਰ ਲਈਏ ਤਾਂ ਹਰ ਕੋਈ ਆਜ਼ਾਦੀ ਦੀ ਹਵਾ ਵਿੱਚ ਸਾਹ ਲੈਣ ਲੱਗ ਪਵੇਗਾ। ਜੇ ਇਸ ਤਰ੍ਹਾਂ ਨਹੀਂ ਕਰ ਸਕਦੇ ਤਾਂ ਜੋ ਪਿਛਲੇ 63 ਸਾਲਾਂ ਤੋਂ ਹੋ ਰਿਹਾ ਇਹ ਇਸ ਤਰ੍ਹਾਂ ਹੀ ਹਮੇਸ਼ਾ ਜ਼ਾਰੀ ਰਹੇਗਾ।

No comments:

Post a Comment