Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Saturday, May 1, 2010

ਪਿਸਤੌਲ ਬੰਦੂਕਾਂ ਦੇ ਕਲਚਰ ਤੋਂ, ਤੰਗ ਆ ਗਏ ਹਾਂ ਡਾਢੇ - ਗੁਰਵਿੰਦਰ ਬਰਾੜ              ਪੰਜਾਬੀ ਗਾਇਕੀ ਅੱਜ ਦੁਨੀਆਂ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ। ਬਹੁਤ ਸਾਰੇ ਨੌਜਵਾਨ ਇਸ ਖੇਤਰ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਹਨ। ਪਰ ਗਾਇਕ ਇੰਨੇ ਜ਼ਿਆਦਾ ਹੋ ਚੁੱਕੇ ਹਨ ਕਿ ਨਵੇਂ ਗਾਇਕ ਲਈ ਪੈਰ ਜਮਾਉਣੇ ਸੌਖੀ ਗੱਲ ਨਹੀਂ। ਹਰ ਕੋਈ ਸਫਲ ਹੋਣ ਲਈ ਆਪੋ ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਕੋਈ ਕਈ ਕਈ ਸਾਲ ਸੰਗੀਤਕ ਸਿੱਖਿਆ ਲੈ ਕੇ ਇਸ ਖੇਤਰ ਵਿੱਚ ਆਉਂਦਾ ਹੈ, ਕੋਈ ਸੋਚਦਾ ਹੈ ਕਿ ਵੀਡੀਓ ਦਾ ਜ਼ਮਾਨਾ ਹੈ, ਸ਼ਾਇਦ ਵਧੀਆ ਵੀਡੀਓ ਬਣਾ ਕੇ ਸਫਲ ਹੋ ਜਾਵੇਗਾ। ਕੋਈ ਘਟੀਆ ਸੋਚ ਵਾਲਾ ਲੱਚਰ ਗੀਤ ਗਾ ਕੇ ਜਾਂ ਲੱਚਰ ਵੀਡੀਓ ਬਣਾ ਕੇ ਸਫ਼ਲ ਹੋਣਾ ਚਾਹੁੰਦਾ ਹੈ।
 ਬਿਨਾਂ ਇਹ ਸੋਚੇ ਸਮਝੇ ਕਿ ਇਸ ਦਾ ਬੱਚਿਆਂ ਉੱਤੇ ਕੀ ਅਸਰ ਪਵੇਗਾ। ਕੀ ਇਸ ਗੀਤ ਨੂੰ ਸਾਰੇ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂ ਵੇਖਿਆ ਜਾ ਸਕੇਗਾ ਜਾ ਨਹੀਂ?
 ਇਹੋ ਜਿਹੇ ਲੱਚਰ ਵੀਡੀਓ ਵੀ ਮਾਰਕੀਟ ਵਿੱਚ ਆਏ ਹਨ ਜਿਨ੍ਹਾਂ ਨੂੰ ਬੰਦ ਕਰਵਾਉਣ ਲਈ ਦਰਸ਼ਕਾਂ ਵੱਲੋਂ ਟੀ ਵੀ ਚੈਨਲ ਵਾਲਿਆਂ ਨੂੰ ਵਾਰ-ਵਾਰ ਫੋਨ ਕੀਤੇ ਗਏ। ਕੋਈ ਪੈਸੇ ਦੇ ਜ਼ੋਰ 'ਤੇ ਆਪਣੇ ਗੀਤਾਂ ਦੇ ਵੀਡੀਓ ਟੀ ਵੀ ਚੈਨਲਾਂ 'ਤੇ ਵਾਰ-ਵਾਰ ਚਲਾਉਂਦਾ ਹੈ ਅਤੇ ਆਪਣੀ ਕੈਸਿਟ ਦੀ ਮਸ਼ਹੂਰੀ ਅਖ਼ਬਾਰਾਂ, ਰਸਾਲਿਆਂ ਵਿੱਚ ਕਰਦਾ ਹੈ। ਪਰ ਅਖੀਰ ਫੈਸਲਾ ਤਾਂ ਸਰੋਤਿਆਂ ਨੇ ਹੀ ਕਰਨਾ ਹੁੰਦਾ ਹੈ ਕਿ ਕਿਸ ਨੂੰ ਅਰਸ਼ 'ਤੇ ਚੜ੍ਹਾਉਣਾ ਹੈ ਅਤੇ ਕਿਸ ਨੂੰ ਫਰਸ਼ ਤੇ ਬਿਠਾਉਣਾ ਹੈ।
ਕੁਝ ਕਲਾਕਾਰ ਇਹੋ ਜਿਹੇ ਵੀ ਹਨ ਜਿਹੜੇ ਸਫਲਤਾ ਦੀਆਂ ਪੌੜੀਆਂ ਚੜ੍ਹ ਕੇ ਵੀ ਗੀਤ ਲਿਖਣ, ਗਾਉਣ ਅਤੇ ਫਿਲਮਾਉਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖਦੇ ਹਨ ਕਿ ਇਸ ਦਾ ਬੱਚਿਆਂ ਉੱਤੇ ਕੋਈ ਬੁਰਾ ਅਸਰ ਤਾਂ ਨਹੀਂ ਪਵੇਗਾ, ਕੀ ਗੀਤ ਨੌਜਵਾਨਾਂ ਨੂੰ ਕੁਰਾਹੇ ਤਾਂ ਨਹੀਂ ਪਾਵੇਗਾ ਅਤੇ ਕੀ ਗੀਤ ਪਰਿਵਾਰ ਵਿੱਚ ਬੈਠ ਕੇ ਸੁਣਿਆ ਜਾਂ ਵੇਖਿਆ ਜਾ ਸਕੇਗਾ। ਇਹਨਾਂ ਹੀ ਕਲਾਕਾਰਾਂ ਵਿੱਚੋਂ ਇਕ ਹੈ ਗੁਰਵਿੰਦਰ ਬਰਾੜ।
ਗੁਰਵਿੰਦਰ ਬਰਾੜ ਪਿੰਡ ਮਹਾਂਬੱਦਰ (ਮੁਕਤਸਰ) ਦੀਆਂ ਗਲ੍ਹੀਆਂ ਵਿੱਚ ਖੇਡ ਕੇ ਜਵਾਨ ਹੋਇਆ। ਮੁਢਲੀ ਪੜ੍ਹਾਈ ਤੋਂ ਬਾਅਦ ਉਸ ਨੇ ਐਗਰੀਕਲਚਰ ਯੂਨੀਵਰਿਸਟੀ ਲੁਧਿਆਣਾ ਤੋਂ ਬੀ ਐੱਸ ਸੀ ਐਗਰੀਕਲਚਰ ਕੀਤੀ। ਤੇ ਫੇਰ ਖਾਲਸਾ ਕਾਲਜ ਮੁਕਤਸਰ ਤੋਂ ਬੀ ਐੱਡ ਕੀਤੀ। ਲਿਖਣ ਦੀ ਸ਼ੁਰੂਆਤ ਉਸ ਨੇ ਦਸਵੀਂ ਜਮਾਤ ਵਿੱਚ ਪੜ੍ਹਦਿਆਂ ਸਾਹਿਤਕ ਕਵਿਤਾਵਾਂ ਨਾਲ ਕੀਤੀ। ਉਹ ਦੱਸਦਾ ਹੈ ਕਿ ਲੁਧਿਆਣਾ ਯੂਨੀਵਰਿਸਟੀ ਵਿੱਚ ਖੁਸ਼ਕਿਸਮਤੀ ਨਾਲ ਉਸ ਨੂੰ ਪੰਜਾਬੀ ਦੇ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਤੋਂ ਪੜ੍ਹਨ ਦਾ ਮੌਕਾ ਮਿਲਿਆ। ਜਦੋਂ ਉਹ ਕੋਈ ਕਵਿਤਾ ਲਿਖਦਾ ਤਾਂ ਪਾਤਰ ਸਾਹਿਬ ਨੂੰ ਜ਼ਰੂਰ ਪੜ੍ਹਾਉਂਦਾ। ਉੱਥੇ ਰਸਾਲਿਆਂ ਵਿੱਚ ਉਸਦੀਆਂ ਕਵਿਤਾਵਾਂ ਛਪਦੀਆਂ ਰਹਿੰਦੀਆਂ ਸਨ। ਕਮਰਸ਼ੀਅਲ ਗੀਤ ਉਸ ਨੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਹੀ ਲਿਖਣੇ ਸ਼ੁਰੂ ਕੀਤੇ। ਉਸਦੇ ਲਿਖੇ ਗੀਤਾਂ ਨੂੰ ਬਹੁਤ ਸਾਰੇ ਨਾਮਵਰ ਗਾਇਕਾਂ ਨੇ ਗਾਇਆ। ਜਿਨ੍ਹਾਂ ਵਿੱਚ ਰਾਜ ਬਰਾੜ, ਗਿੱਲ ਹਰਦੀਪ, ਜੀਤ ਜਗਜੀਤ, ਹਰਿੰਦਰ ਸੰਧੂ, ਰਾਣੀ ਰਣਦੀਪ, ਹਰਮਨਦੀਪ, ਸਾਇਰਾ ਖ਼ਾਨ ਅਤੇ ਕਈ ਹੋਰ ਨਾਮ ਸ਼ਾਮਿਲ ਹਨ।
ਆਪਣੀ ਗਾਇਕੀ ਦੇ ਸਫ਼ਰ ਦੀ ਸ਼ੁਰੂਆਤ ਵਾਰੇ ਉਹ ਦੱਸਦਾ ਹੈ ਕਿ ਉਸਨੇ ਗਾਇਕ ਬਣਨ ਵਾਰੇ ਪਹਿਲਾਂ ਕਦੇ ਨਹੀਂ ਸੀ ਸੋਚਿਆ, ਉਂਝ ਕਾਲਜ ਦੇ ਫੰਕਸ਼ਨਾਂ ਜਾਂ ਯਾਰਾਂ ਦੀਆਂ ਮਹਿਫਲਾਂ ਵਿੱਚ ਜ਼ਰੂਰ ਗਾ ਲੈਂਦਾ ਸੀ। ਪਰ ਇਕ ਵਾਰ ਜਦੋਂ ਉਹ ਮੁਕਤਸਰ ਵਿੱਚ ਕਿਸੇ ਫੰਕਸ਼ਨ ਦੌਰਾਨ ਗੀਤ ਗਾ ਕੇ ਸਟੇਜ ਤੋਂ ਉੱਤਰਿਆ ਤਾਂ ਕੁੱਝ ਦਰਸ਼ਕ ਉਸ ਕੋਲ ਆਏ ਤੇ ਕਹਿਣ ਲੱਗੇ, “ਬਾਈ ਤੇਰਾ ਗਾਉਣ ਦਾ ਅੰਦਾਜ਼ ਸਾਨੂੰ ਬਹੁਤ ਵਧੀਆ ਲੱਗਿਆ। ਸਾਡੇ ਇੱਕ ਪ੍ਰੋਗ੍ਰਾਮ ਹੈ ਤੇ ਅਸੀਂ ਤੇਰਾ ਅਖਾੜਾ ਲਵਾਉਣਾ ਚਾਹੁੰਦੇ ਹਾਂ।” ਉਹਨੇ ਕਿਹਾ, “ਬਾਈ, ਸਾਡਾ ਕੋਈ ਗਰੁੱਪ ਨਹੀਂ। ਮੈਂ ਤਾਂ ਵੈਸੇ ਹੀ ਸ਼ੌਕੀਆ ਤੌਰ 'ਤੇ ਗਾਇਆ ਸੀ।” ਪਰ ਉਹ ਕਹਿਣ ਲੱਗੇ, “ਸਾਡਾ ਪ੍ਰੋਗਰਾਮ ਇੱਕ ਮਹੀਨੇ ਨੂੰ ਹੈ, ਤੁਸੀਂ ਤਿਆਰੀ ਕਰ ਲਵੋ।” ਅਖੀਰ ਗੁਰਵਿੰਦਰ ਮੰਨ ਗਿਆ।
ਉਸ ਪ੍ਰੋਗਰਾਮ 'ਤੇ ਗੁਰਵਿੰਦਰ ਨੂੰ ਦਰਸ਼ਕਾਂ ਵਲੋਂ ਬਹੁਤ ਉਤਸ਼ਾਹ ਮਿਲਿਆ ਤੇ ਉਸ ਨੇ ਇਸ ਖੇਤਰ ਵਿੱਚ ਆਉਣ ਦਾ ਫੈਸਲਾ ਕਰ ਲਿਆ। ਉਹ ਰਵੀ ਸ਼ਰਮਾ ਜੀ ਕੋਲੋਂ ਸੰਗੀਤ ਸਿੱਖਣ ਲੱਗ ਪਿਆ ਅਤੇ ਅੱਜ ਵੀ ਸਿੱਖ ਰਿਹਾ ਹੈ। ਸਟੇਜ ਦੀ ਅਦਾਕਾਰੀ ਉਸ ਨੇ ਗੁਰਦਾਸ ਮਾਨ ਜੀ ਤੋਂ ਸਿੱਖੀ।
ਜੀਹਦੀ ਲੇਖਣੀ ਪਰਖਣ ਲਈ ਸੁਰਜੀਤ ਪਾਤਰ ਮਿਲਿਆ ਹੋਵੇ, ਜਿਸਨੇ ਸੰਗੀਤ ਦੀ ਸਿੱਖਿਆ ਲਈ ਹੋਵੇ ਉਸ ਨੂੰ ਸਰੋਤਿਆਂ ਦਾ ਪਿਆਰ ਕਿਉਂ ਨਹੀਂ ਮਿਲੇਗਾ? ਸਰੋਤੇ ਉਸ ਦੇ ਗੀਤ ਸੁਣ ਕੇ ਅਸ਼-ਅਸ਼ ਕਰ ਉੱਠਦੇ ਹਨ। ਉਸ ਦੀਆਂ ਹੁਣ ਤੱਕ ਸੱਤ ਕੈਸਿਟਾਂ ਮਾਰਕੀਟ ਵਿੱਚ ਆ ਚੁੱਕੀਆਂ ਹਨ। ਉਸ ਦੀ ਪਹਿਲੀ ਕੈਸਿਟ “ਉਸ ਕਮਲ਼ੀ ਦੀਆਂ ਯਾਦਾਂ” ਤੇ ਫੇਰ “ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ”, “ਅੱਖੀਆਂ ਦਾ ਪਾਣੀ”, “ਐਤਵਾਰ”,“ਫੁੱਟਬਾਲ”, “ਗੁੱਡ ਮਾਰਨਿੰਗ” ਅਤੇ ਹੁਣੇ ਹੀ ਮਾਰਕੀਟ ਵਿੱਚ ਆਈ ਹੈ “ਰੌਂਗ ਨੰਬਰ”।
ਜਦੋਂ ਉਸ ਦੀ ਕੈਸਿਟ “ਮੁੰਡਾ ਘੋੜੀਆਂ ਰੱਖਣ ਦਾ ਸ਼ੌਂਕੀ” ਮਾਰਕੀਟ ਵਿੱਚ ਆਈ ਸੀ ਤਾਂ ਇਸ ਦੇ ਟਾਈਟਲ ਗੀਤ ਨੂੰ ਸਰੋਤਿਆਂ ਵਲੋਂ ਇੰਨਾ ਭਰਵਾਂ ਹੁੰਗਾਰਾ ਮਿਲਿਆ ਕਿ ਇਸ ਗੀਤ ਨੇ ਗੁਰਵਿੰਦਰ ਬਰਾੜ ਨੂੰ ਨਾਮਵਰ ਗਾਇਕਾਂ ਦੀ ਕਤਾਰ ਵਿੱਚ ਖੜ੍ਹਾ ਕਰ ਦਿੱਤਾ। ਉਸ ਤੋਂ ਬਾਅਦ ਉਸ ਦੀ ਹਰ ਕੈਸਿਟ ਨੂੰ ਸਰੋਤਿਆਂ ਵਲੋਂ ਰੱਜਵਾਂ ਪਿਆਰ ਮਿਲਿਆ ਤੇ ਉਹ ਵੀ ਹਰ ਵਾਰ ਸਰੋਤਿਆਂ ਦੀ ਪਸੰਦ ਤੇ ਖਰਾ ਉੱਤਰ ਰਿਹਾ ਹੈ। ਉਹ ਜਿੱਥੇ ਨੌਜਵਾਨਾਂ ਲਈ ਪਿਆਰ ਦੇ ਗੀਤ ਗਾਉਂਦਾ ਹੈ, ਉੱਥੇ “ਪਹਿਲਾਂ ਰੱਬ ਦੀਆਂ ਸਾਂਭ ਸੌਗਾਤਾਂ, ਪੈਸਾ ਫੇਰ ਕਮਾ ਲਈ ਤੂੰ” ਜਿਹੇ ਗੀਤ ਗਾ ਕੇ ਉਹਨਾਂ ਨੂੰ ਮਾਂ-ਪਿਓ ਦੀ ਸੇਵਾ ਕਰਨ ਲਈ ਵੀ ਪ੍ਰੇਰਦਾ ਹੈ।
ਆਪਣੀ ਨਵੀਂ ਕੈਸਿਟ ਵਿੱਚ ਨੌਜਵਾਨਾਂ ਨੂੰ ਕੁਰਾਹੇ ਪਾਉਣ ਵਾਲਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਤੋਂ ਅੱਕੇ ਹੋਏ ਨੇ ਉਹਨਾਂ ਨੂੰ ਲਾਹਨਤਾਂ ਪਾਉਣ ਲਈ ਇੱਕ ਗੀਤ ਗਾਇਆ ਹੈ, “ਪਸਤੌਲ ਬੰਦੂਕਾਂ ਦੇ ਕਲਚਰ ਤੋਂ, ਤੰਗ ਆ ਗਏ ਹਾਂ ਡਾਢੇ”। ਇਸ ਗੀਤ ਵਿੱਚ ਉਹ ਮੋਢੇ ਉੱਤੇ ਹਥਿਆਰ ਰੱਖ ਕੇ ਸ਼ਾਂਤੀ ਦੀ ਗੱਲ ਕਰਨ ਵਾਲਿਆਂ ਨੂੰ ਕਹਿੰਦਾ ਹੈ ਕਿ ਮਸਲੇ ਗੱਲਬਾਤ ਨਾਲ ਹੱਲ ਹੁੰਦੇ ਨੇ, ਅਸਲਾ ਤਾਂ ਸਿਰਫ ਜਾਨ ਹੀ ਲੈਂਦਾ ਹੈ। ਮੈਡੀਕਲ ਸਟੋਰਾਂ ਵਾਲਿਆਂ ਦੀ ਗੱਲ ਕਰਦਾ ਉਹ ਕਹਿੰਦਾ ਹੈ ਕਿ ਇੱਥੇ ਦਵਾਈ ਘੱਟ ਤੇ ਨੌਜਵਾਨਾਂ ਨੂੰ ਜ਼ਹਿਰ ਜ਼ਿਆਦਾ ਵੇਚੀ ਜਾਂਦੀ ਹੈ। ਧਰਮ ਦੇ ਪ੍ਰਚਾਰ ਦੀ ਆੜ ਵਿੱਚ ਉਹ ਪੈਸੇ ਕਮਾਉਣ ਵਾਲਿਆਂ ਦੀ ਗੱਲ ਕਰਦਾ ਹੈ। ਇਸ ਗੀਤ ਵਿੱਚ ਉਹ ਉਹਨਾਂ ਗਾਇਕਾਂ ਨੂੰ ਜਿਹੜੇ ਮਾਰ ਧਾੜ ਵਾਲੇ ਗੀਤ ਗਾ ਕੇ ਨੌਜਵਾਨਾਂ ਨੂੰ ਉਕਸਾਉਂਦੇ ਹਨ, ਉਹਨਾਂ ਨੂੰ ਲਾਹਨਤਾਂ ਪਾਉਂਦਾ ਕਹਿੰਦਾ ਹੈ ਕਿ ਜੇ ਐਨੇ ਹੀ ਸੂਰਮੇ ਹੋ ਤਾਂ ਫੌਜ ਵਿੱਚ ਭਰਤੀ ਹੋ ਕੇ ਕਸ਼ਮੀਰ ਵਿੱਚ ਚਲੇ ਜਾਵੋ ਅਤੇ ਲਾਓ ਦੁਸ਼ਮਣ ਨਾਲ ਆਢਾ। ਉੱਥੇ ਆਪੇ ਤੁਹਾਡੀ ਸੂਰਮਗਤੀ ਪਰਖੀ ਜਾਉ।
ਅਸੀਂ ਉਮੀਦ ਕਰਦੇ ਹਾਂ ਕਿ ਗੁਰਵਿੰਦਰ ਬਰਾੜ ਹਮੇਸ਼ਾ ਇਸ ਤਰ੍ਹਾਂ ਹੀ ਵਧੀਆ ਲਿਖਦਾ ਅਤੇ ਵਧੀਆ ਗਾਉਂਦਾ ਰਹੇਗਾ। ਅਸੀਂ ਰੱਬ ਅੱਗੇ ਦੁਆ ਕਰਦੇ ਹਾਂ ਕਿ ਉਸ ਨੂੰ ਸਰੋਤਿਆਂ ਦਾ ਪਿਆਰ ਇੰਝ ਹੀ ਮਿਲਦਾ ਰਹੇ।

No comments:

Post a Comment