Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Wednesday, May 12, 2010

ਕਿੱਥੇ ਜਾਣ ਉਹ ਜਿਹੜੇ ਸਭ ਕੁਝ ਵੇਚ ਕੇ ਆਏ ਹਨ ???

            ਹਰ ਸਾਲ ਹਜਾਰਾਂ ਦੀ ਗਿਣਤੀ ਵਿੱਚ ਅੱਖਾਂ ’ਚ ਸੁਪਨੇ ਸਜਾਈ ਦਸ-ਦਸ ਲੱਖ ਏਜੰਟਾਂ ਨੂੰ ਦੇ ਕੇ ਪੰਜਾਬੀ ਇਟਲੀ ਆ ਰਹੇ ਹਨ। ਹਰ ਇੱਕ ਦੇ ਇੱਥੇ ਆਉਣ ਦੀ ਕਹਾਣੀ ਭਾਵੇਂ ਵੱਖੋ-ਵੱਖਰੀ ਹੈ, ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਅਕਸਰ ਆਪੋ ਵਿੱਚ ਗੱਲਾਂ ਕਰਦਿਆਂ ਤਕਰੀਬਨ ਸਾਰਿਆਂ ਦਾ ਇਹੋ ਕਹਿਣਾ ਹੁੰਦਾ ਹੈ ਕਿ ਆਪਣਾ ਦੇਸ਼ ਤੇ ਘਰ ਪਰਿਵਾਰ ਛੱਡਣ ਨੂੰ ਕੀਹਦਾ ਜੀਅ ਕਰਦਾ ਬਸ ਢਿੱਡ ਕਾਰੇ ਕਰਵਾਉਂਦਾ। ਪਰ ਸੱਚ ਸਾਰਿਆਂ ਨੂੰ ਪਤਾ ਕਿ ਢਿੱਡ ਵਿਚਾਰੇ ਦਾ ਕੋਈ ਕਸੂਰ ਨਹੀਂ,ਇਹ ਤਾਂ ਦੋ-ਚਾਰ ਰੋਟੀਆਂ ਨਾਲ ਸਬਰ ਕਰ ਲੈਂਦਾ ਟਿਕਣ ਤਾਂ ਸਾਨੂੰ

ਪਿੰਡ ਵਿੱਚ ਲੱਖਾਂ ਦੀ ਕੀਮਤ ਨਾਲ ਉਸਰ ਰਹੀਆਂ ਕੋਠੀਆਂ ਤੇ ਮਹਿੰਗੀਆਂ ਕਾਰਾਂ ਨਹੀਂ ਦਿੰਦੀਆਂ।
ਸਿਆਣਿਆਂ ਦਾ ਕਹਿਣਾ ਕਿ ਵਕਤ ਤੋਂ ਪਹਿਲਾਂ ਤੇ ਕਿਸਮਤ ਤੋਂ ਜਿਆਦਾ ਕਦੇ ਨਹੀਂ ਮਿਲਦਾ। ਇਹਦਾ ਮਤਲਬ ਇਹ ਨਹੀਂ ਕਿ ਹੱਥ ’ਤੇ ਹੱਥ ਧਰ ਕੇ ਬੈਠ ਜਾਓ ਤੇ ਸਾਰਾ ਕੁਝ ਆਪੇ ਹੀ ਹੋਈ ਜਾਵੇਗਾ, ਕੁਝ ਪਾਉਣ ਲਈ ਮਿਹਨਤ ਤਾਂ ਕਰਨੀ ਹੀ ਪੈਂਦੀ ਹੈ। ਬਾਕੀ ਭਾਈ ਜਿੰਨ੍ਹਾਂ ਨੂੰ ਢਿੱਡ ਭਰਨ ਦਾ ਫਿਕਰ ਹੈ ਉਹਨਾਂ ਵਿਚਾਰਿਆਂ ’ਚ ਤਾਂ ਬੱਸ ਦੀ ਟਿਕਟ ਲੈਣ ਦੀ ਹਿੰਮਤ ਨਹੀਂ, ਉਹਨਾਂ ਨੇ ਜਹਾਜ ਦੀ ਹਜਾਰਾਂ ਰੁਪਏ ਵਾਲੀ ਟਿਕਟ ਕਿੱਥੋਂ ਲੈ ਲੈਣੀ ਹੈ ਤੇ ਉਹ ਏਜੰਟ ਨੂੰ ਦਸ ਲੱਖ ਕਿਥੋਂ ਲਿਆ ਕੇ ਦੇਣਗੇ। ਖੈਰ ਮਕਸਦ ਤਾਂ ਸਾਰਿਆਂ ਦਾ ਵੱਧ ਤੋਂ ਵੱਧ ਪੈਸੇ ਕਮਾ ਕੇ ਐਸ਼ ਆਰਾਮ ਦੀ ਜਿੰਦਗੀ ਜਿਉਣ ਦਾ ਹੀ ਹੈ। ਪਰ ਪੈਸੇ ਕਮਾਉਣ ਦੇ ਚੱਕਰਾਂ ’ਚ ਐਸ ਆਰਾਮ ਤਾਂ ਪਤਾ ਨਹੀਂ ਕਿੱਧਰ ਉਡਾਰੀ ਮਾਰ ਜਾਂਦਾ ਹੈ ਬਸ ਜਾਗਦੇ ਸੌਦੇ ਪੈਸਾ-ਪੈਸਾ ਹੀ ਹੋਣ ਲੱਗ ਪੈਂਦੀ ਹੈ। ਪਰ ਹੁਣ ਸੰਸਾਰ ਵਿੱਚ ਆਈ ਆਰਥਿਕ ਮੰਦਹਾਲੀ ਕਾਰਨ ਮਿਹਨਤ ਨਾਲ ਪੈਸਾ ਕਮਾਉਣਾ ਪਹਿਲਾਂ ਜਿੰਨਾ ਸੌਖਾ ਨਹੀਂ ਰਹਿ ਗਿਆ। ਇਟਲੀ ਤਾਂ ਦੇਸ਼ ਵੀ ਛੋਟਾ ਜਿਹਾ ਹੈ ਤੇ ਨਵੇਂ ਕਾਰੋਬਾਰਾਂ ਵਿੱਚ ਇੱਥੇ ਕੋਈ ਵਾਧਾ ਵੀ ਨਹੀਂ ਹੋ ਰਿਹਾ। ਪਰ ਫਿਰ ਵੀ ਵਿਦੇਸ਼ੀਆਂ ਦਾ ਇੱਥੇ ਧੜਾ-ਧੜ ਆਉਣਾ ਜਾਰੀ ਹੈ। ਕਈਆਂ ਨੂੰ ਤਾਂ ਭੁਲੇਖਾ ਹੁੰਦਾ ਹੈ ਕਿ ਇੱਥੇ ਸ਼ਾਇਦ ਸੌਖੇ ਢੰਗ ਨਾਲ ਬਹੁਤੇ ਪੈਸੇ ਕਮਾਏ ਜਾ ਸਕਦੇ ਹਨ, ਪਰ ਕਈਆਂ ਨੂੰ ਭੁਲੇਖਾ ਪਾਇਆ ਜਾਂਦਾ ਹੈ। ਪਿਛਲੇ ਮਹੀਨੇ ਇੱਕ ਅਜਿਹੀ ਹੀ ਘਟਨਾ ਵਾਪਰੀ। ਇੱਕ ਪਿੰਡ ਦੇ ਤਿੰਨ ਚਾਰ ਮੁੰਡੇ ਸਾਲ ਕੁ ਤੋਂ ਇਟਲੀ ਵਿੱਚ ਰਹਿ ਰਹੇ ਹਨ, ਉਹਨਾਂ ਵਿੱਚੋਂ ਇੱਕ ਮਹੀਨਾ ਕੁ ਪਹਿਲਾਂ ਇੰਡੀਆ ਗਿਆ ਤੇ ਜਾਂਦੇ ਨੂੰ ਘਰ ਦੇ ਪੁੱਛਣ ਲੱਗੇ ਠਕਿੰਨੇ ਪੈਸੇ ਲੈ ਕੇ ਆਇਆਂੂਤਾਂ ਉਹ ਕਹਿਣ ਲੱਗਾ ਠਉਥੇ ਕੰਮਾਂ ਦਾ ਮੰਦਾ ਹਾਲ ਹੈ, ਮੈਂ ਤਾਂ ਥੋੜੀਆਂ ਬਹੁਤੀਆਂ ਦਿਹਾੜੀਆਂ ਲਾ ਕੇ ਟਿਕਟ ਜੋਗੇ ਮਸਾਂ ਇਕੱਠੇ ਕੀਤੇ ਹਨ।ੂ ਅੱਗੋਂ ਘਰ ਦੇ ਗਲ ਨੂੰ ਆਉਣ ਕਿ ਤੂੰ ਝੂਠ ਬੋਲਦਾਂ, ਆਪਣੇ ਫਲਾਣਿਆਂ ਦੇ ਮੁੰਡੇ ਨੇ ਤਾਂ ਸਾਲ ’ਚ ਦੋ ਲੱਖ ਭੇਜ ਦਿੱਤਾ, ਉਹ ਵੀ ਤਾਂ ਤੇਰੇ ਕੋਲ ਹੀ ਰਹਿੰਦਾ ਤੇ ਤੂੰ ਆਖੀ ਜਾਨਾਂ ਉਥੇ ਕੁਝ ਨਹੀਂ ਬਣਦਾ।ੂ ਉਸ ਨੇ ਵਥੇਰਾ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਘਰ ਦੇ ਮੰਨਣ ਲਈ ਤਿਆਰ ਹੀ ਨਹੀਂ ਸਨ। ਜਦੋਂ ਉਸ ਨੇ ਇਥੇ ਵਾਪਿਸ ਆ ਕੇ ਉਸ ਵਾਰੇ ਪਤਾ ਕੀਤਾ ਤਾਂ ਪਤਾ ਲੱਗਿਆ ਕਿ ਉਹ ਪੈਸੇ ਉਸ ਨੇ ਦਲਾਲੀ ਕਰਕੇ ਕਮਾਏ ਸਨ। ਕਿਸੇ ਏਜੰਟ ਕੋਲ ਦੋ ਜਾਣਿਆਂ ਨੂੰ ਫਸਾ ਕੇ ਉਹਨਾਂ ਤੋਂ ਲੱਖ-ਲੱਖ ਵਟੋਰਿਆ ਸੀ। ਅਜਿਹੇ ਲੋਕਾਂ ਕਰਕੇ ਵੀ ਕਈ ਵਾਰ ਆਉਣ ਵਾਲੇ ਦੋਚਿੱਤੀ ਵਿੱਚ ਪੈ ਜਾਂਦੇ ਹਨ ਫਿਰ ਉਹ ਪੰਜਾਬੀ ਦੀ ਕਹਾਵਤ ਠਮੋਤੀ ਚੂਰ ਦੇ ਲੱਡੂ ਜਿਹੜਾ ਖਾਹਵੇ, ਉਹ ਵੀ ਪਛਤਾਵੇ ਤੇ ਜਿਹੜਾ ਨਾ ਖਾਹਵੇ ਉਹ ਵੀ ਪਛਤਾਵੇੂ ਵਾਂਗੂੰ ਨਾ ਖਾਹ ਕੇ ਪਛਤਾਉਣ ਨਾਲੋਂ ਖਾਹ ਕੇ ਪਛਤਾਉਣ ਨੂੰ ਪਹਿਲ ਦਿੰਦੇ ਹਨ। ਜਿਵੇਂ ਕਹਿੰਦੇ ਹਨ ਕਿ ਮੱਛੀ ਪੱਥਰ ਚੱਟ ਕੇ ਹੀ ਮੁੜਦੀ ਹੈੂ ਤਾਂ ਹੀ ਉਸ ਦੀ ਸੰਕਾ ਦੂਰ ਹੁੰਦੀ ਹੈ। ਠੀਕ ਉਸ ਮੱਛੀ ਵਾਂਗ ਇੱਥੇ ਆ ਕੇ ਸਭਨਾ ਦੀ ਸੰਕਾ ਦੂਰ ਹੋ ਜਾਂਦੀ ਹੈ। ਚਲੋ ਹਰ ਕੋਈ ਆਸ ਲੈ ਕੇ ਆਉਂਦਾ ਹੈ ਤੇ ਜਿੰਦਗੀ ਤਾਂ ਚਲਦੀ ਵੀ ਆਸਾਂ ਦੇ ਸਹਾਰੇ ਹੀ ਹੈ, ਜੇ ਆਸ ਟੁੱਟੀ ਤਾਂ ਸਮਝੋ ਜਿੰਦਗੀ ਮੁੱਕੀ। ਪਰ ਹੁਣ ਬਦਲੇ ਹਾਲਾਤਾਂ ਕਾਰਨ ਆਸਾਂ ਨੂੰ ਬੂਰ ਪੈਂਦਾ ਨਜਰ ਨਹੀਂ ਆ ਰਿਹਾ, ਨਜਰ ਆਵੇ ਵੀ ਕਿੱਥੋਂ ਕੰਮਾਂ ਦੇ ਹਾਲਾਤ ਹੀ ਐਨੇ ਵਿਗੜ ਚੁੱਕੇ ਹਨ ਕਿ ਜੀਹਦਾ ਵੀ ਦਾਅ ਲੱਗਦਾ ਉਹ ਦੂਜੇ ਦਾ ਕੰਮ ਛੁਡਾ ਕੇ ਉਥੇ ਆਪ ਜਾਂ ਆਪਣੇ ਕਿਸੇ ਕਰੀਬੀ ਨੂੰ ਲਵਾਉਣ ਦੀ ਕੋਸ਼ਿਸ਼ ਕਰਦਾ ਹੈ, ਜੇ ਇਹੀ ਹਰਕਤ ਕੋਈ ਇਟਾਲੀਅਨ ਕਰੇ ਤਾਂ ਉਸ ਨੂੰ ਨਸਲੀ ਵਿਤਕਰਾ ਕਿਹਾ ਜਾਂਦਾ ਹੈ, ਪਰ ਜਿਹੜੇ ਆਪਣੇ ਹੀ ਆਪਣਿਆਂ ਨਾਲ ਇਸ ਤਰ੍ਹਾਂ ਕਰ ਰਹੇ ਹਨ ਉਹਨਾਂ ਨੂੰ ਕਿਹੜੇ ਸ਼ਬਦਾਂ ਨਾਲ ਨਿਵਾਜੀਏ ਇਹ ਗੱਲ ਸਮਝੋਂ ਬਾਹਰ ਹੈ। ਦਸ ਪੰਦਰਾਂ ਸਾਲ ਇੱਕੋ ਫੈਕਟਰੀ ਜਾਂ ਫਾਰਮ ਵਿੱਚ ਕੰਮ ਕਰਨ ਵਾਲੇ ਵੀ ਅੱਜ ਘਰਾਂ ’ਚ ਵਿਹਲੇ ਬੈਠੇ ਹਨ। ਇਹਨਾਂ ਵਿੱਚੋਂ ਕਈ ਤਾਂ ਉਹ ਹਨ, ਜਿਹੜੇ ਜਿੱਥੇ ਕੰਮ ਕਰਦੇ ਸਨ ਉਹ ਕੰਮ ਹੀ ਬੰਦ ਹੋ ਗਏ, ਕਈਆਂ ਦੇ ਆਪਣਿਆਂ ਨੇ ਹੀ ਪੇਟ ਵਿੱਚ ਲੱਤ ਮਾਰੀ ਤੇ ਕਈਆਂ ਨੂੰ ਮਾਲਕਾਂ ਨੇ ਹਟਾ ਕੇ ਉਹਨਾਂ ਦੀ ਜਗ੍ਹਾ ਘੱਟ ਪੈਸਿਆਂ ਵਿੱਚ ਕੰਮ ਕਰਨ ਵਾਲੇ ਬੰਦੇ ਰੱਖ ਲਏ। ਇਹ ਸਭ੍ਹ ਕੁਝ ਇਸ ਲਈ ਹੋ ਰਿਹਾ ਹੈ ਕਿ ਇੱਥੇ ਕੰਮ ਘੱਟ ਤੇ ਕੰਮ ਲੱਭਣ ਵਾਲਿਆਂ ਦੀ ਗਿਣਤੀ ਜਿਆਦਾ ਹੈ, ਜਿੱਥੇ ਇੱਕ ਬੰਦੇ ਦੀ ਲੋੜ ਹੁੰਦੀ ਹੈ ਉਥੇ ਦਸ ਜਾਣੇ ਪਹੁੰਚੇ ਹੁੰਦੇ ਹਨ। ਫਿਰ ਮਾਲਕ ਨੇ ਤਾਂ ਉਸ ਨੂੰ ਹੀ ਰੱਖਣਾ ਹੁੰਦਾ ਹੈ ਜਿਹੜਾ ਘੱਟ ਪੈਸਿਆਂ ਵਿੱਚ ਜਿਆਦਾ ਕੰਮ ਕਰੇਗਾ, ਕਿਉਂਕਿ ਵਪਾਰੀ ਬੰਦੇ ਨੇ ਤਾਂ ਆਪਣਾ ਫਾਇਦਾ ਦੇਖਣਾ ਹੁੰਦਾ ਹੈ। ਹਾਲਾਤ ਇੱਥੋਂ ਤੱਕ ਨਿੱਘਰ ਚੁੱਕੇ ਹਨ ਕਿ ਘੱਟ ਪੈਸਿਆਂ ਦੀ ਗੱਲ ਤਾਂ ਇੱਕ ਪਾਸੇ ਰਹੀ ਕਈ ਵਾਰ ਬਿਨਾਂ ਪੇਪਰਾਂ ਵਾਲਿਆਂ ਤੋਂ ਤਾਂ ਕਈ-ਕਈ ਮਹੀਨੇ ਕੰਮ ਕਰਵਾ ਕੇ ਵੀ ਉਹਨਾਂ ਨੂੰ ਕੋਈ ਪੈਸਾ ਨਹੀਂ ਦਿੱਤਾ ਜਾਂਦਾ ਤੇ ਉਹ ਵਗੈਰ ਪੇਪਰਾਂ ਤੋਂ ਹੋਣ ਕਰਕੇ ਕੋਈ ਕੇਸ ਵੀ ਨਹੀਂ ਕਰ ਸਕਦੇ, ਕਿਉਂਕਿ ਜੇ ਪੁਲਿਸ ਕੋਲ ਜਾਣਗੇ ਵੀ ਤਾਂ ਪੈਸਿਆਂ ਦਾ ਤਾਂ ਪਤਾ ਨਹੀਂ ਮਿਲਣਗੇ ਜਾਂ ਨਹੀਂ ਪਰ ਉਹਨਾਂ ਨੂੰ ਦਸ ਜਾਂ ਪੰਦਰਾਂ ਦਿਨ ਤੋਂ ਪਹਿਲਾਂ ਇਹ ਦੇਸ਼ ਛੱਡਣ ਦਾ ਅਦੇਸ਼ ਜਰੂਰ ਮਿਲ ਜਾਵੇਗਾ। ਇਸ ਲਈ ਉਹ ਚੁੱਪ ਵਿੱਚ ਹੀ ਭਲੀ ਸਮਝਦੇ ਹਨ। ਕਈ ਵਿਚਾਰੇ ਮਜਬੂਰੀ ਵੱਸ ਦੋ ਵੇਲੇ ਦੀ ਰੋਟੀ ਅਤੇ ਰਹਾਇਸ ਦੀ ਖਾਤਿਰ ਕੰਮ ਕਰਨ ਲਈ ਮਜਬੂਰ ਹਨ। ਜਿਹੜੇ ਤਾਂ ਪਿਛਲੇ ਕੁਝ ਸਮੇਂ ਤੋਂ ਇੱਥੇ ਰਹਿ ਰਹੇ ਹਨ ਤੇ ਉਹਨਾਂ ਨੇ ਚਾਰ ਪੈਸੇ ਕਮਾਏ ਹੋਏ ਹਨ, ਉਹਨਾਂ ਵਿੱਚੋਂ ਕਈਆਂ ਨੇ ਤਾਂ ਇੱਥੋਂ ਦੇ ਨਿਘਰਦੇ ਹਾਲਾਤਾਂ ਤੋਂ ਆਉਣ ਵਾਲੇ ਸਮੇਂ ਦਾ ਅੰਦਾਜਾ ਲਾਉਂਦੇ ਹੋਏ ਆਪਣੇ ਘਰਾਂ ਨੂੰ ਵਾਪਿਸ ਪਰਤਣਾ ਸ਼ੁਰੂ ਕਰ ਦਿੱਤਾ ਹੈ। ਪਰ ਗੰਭੀਰ ਸਮੱਸਿਆ ਉਹਨਾਂ ਲਈ ਹੈ ਜਿਹੜੇ ਕੁਝ ਕੁ ਸਮਾਂ ਪਹਿਲਾਂ ਦਸ-ਦਸ ਲੱਖ ਰੁਪਈਆ ਲਾ ਕੇ ਇੱਥੇ ਆਏ ਹਨ ਜਾਂ ਆ ਰਹੇ ਹਨ। ਕਿਉਂਕਿ ਇਹਨਾਂ ਵਿੱਚੋਂ ਜਿੰਨ੍ਹਾਂ ਦਾ ਤਾਂ ਪਿੱਛੇ ਸਰਦਾ ਉਹ ਤਾਂ ਸ਼ਾਇਦ ਵਾਪਿਸ ਚਲੇ ਵੀ ਜਾਣ, ਪਰ ਜਿਹੜੇ ਸਭ੍ਹ ਕੁਝ ਵੇਚ ਵੱਟ ਕੇ ਆਉਂਦੇ ਹਨ ਉਹਨਾਂ ਨੂੰ ਇੱਥੇ ਵੀ ਕੁਝ ਬਣਦਾ ਨਜਰ ਨਹੀਂ ਆ ਰਿਹਾ ਤੇ ਨਾ ਹੀ ਵਾਪਿਸ ਜਾਣ ਜੋਗੇ ਰਹਿੰਦੇ ਹਨ। ਇਹਨਾਂ ਵਿੱਚੋਂ ਕਈ ਕਿਸੇ ਪਾਸੇ ਪੇਸ਼ ਨਾ ਜਾਂਦੀ ਵੇਖ ਗਲਤ ਰਸਤੇ ਵੀ ਅਪਣਾ ਰਹੇ ਹਨ, ਜਿਵੇਂ ਪਿੱਛੇ ਜਿਹੇ ਕਈ ਨੌਜਵਾਨ ਮਾਰਕੀਟਾਂ ਵਿੱਚੋਂ ਚੋਰੀ ਕਰਦੇ ਫੜੇ ਗਏ, ਕਈ ਨਕਲੀ ਨੋਟ ਚਲਾਉਂਦੇ ਫੜੇ ਗਏ ਅਤੇ ਕਈਆਂ ਦੀ ਨਸ਼ੇ ਦੀ ਸਮੱਗਲਿੰਗ ਕਰਨ ਵਰਗੀਆਂ ਖਬਰਾਂ ਵੀ ਸੁਨਣ ਨੂੰ ਮਿਲੀਆਂ ਹਨ। ਇਹ ਸਭ੍ਹ ਕੁਝ ਵੇਖ ਸੁਣ ਕੇ ਡਰ ਜਿਹਾ ਲੱਗਦਾ ਹੈ ਕਿ ਪੰਜਾਬ ਦੀ ਨੌਜਵਾਨੀ ਜਿਹੜੀ ਲੱਖਾਂ ਸੁਪਨੇ ਲੈ ਕੇ ਇੱਥੇ ਆਈ ਸੀ ਕਿਤੇ ਇੱਥੇ ਹੀ ਤਬਾਹ ਨਾ ਹੋ ਜਾਵੇ, ਸੁਪਨੇ ਕਿਤੇ ਸੁਪਨੇ ਬਣ ਕੇ ਹੀ ਨਾ ਰਹਿ ਜਾਣ ਅਤੇ ਪਿੱਛੇ ਰਾਹਾਂ ਤੱਕਦੇ ਮਾਂ-ਪਿਉਂ ਰਾਹਾਂ ਤੱਕਦੇ ਹੀ ਰਹਿ ਜਾਣ। ਅੱਗੇ ਜਾ ਕੇ ਕੀ ਹੋਣ ਵਾਲਾ ਹੈ ਇਸ ਦਾ ਜਵਾਬ ਤਾਂ ਸਮਾਂ ਹਮੇਸ਼ਾ ਆਪਣੀ ਬੁੱਕਲ ਵਿੱਚ ਲਕੋਈ ਰੱਖਦਾ ਹੈ। ਅਸੀਂ ਤਾਂ ਬਸ ਸਮੇਂ-ਸਮੇਂ ਨਾਲ ਇੱਥੋਂ ਦੇ ਹਾਲਾਤਾਂ ਵਾਰੇ ਲਿਖ ਕੇ ਆਉਣ ਵਾਲਿਆਂ ਨੂੰ ਜਾਣੂ ਹੀ ਕਰਵਾ ਸਕਦੇ ਹਾਂ ਤਾਂ ਕਿ ਕੋਈ ਵੀ ਇੱਥੇ ਆਉਣ ਤੋਂ ਪਹਿਲਾਂ ਇੱਕ ਵਾਰ ਜਰੂਰ ਸੋਚ ਸਕੇ। ਜਿਹੜੇ ਇੱਥੇ ਆ ਚੁੱਕੇ ਹਨ ਉਹਨਾਂ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭ੍ਹ ਕੁਝ ਠੀਕ ਹੋ ਜਾਵੇ, ਸਭ੍ਹ ਦੇ ਸੁਪਨੇ ਪੂਰੇ ਹੋਣ ਤੇ ਹਰ ਕੋਈ ਹੱਸਦਾ ਖੇਡਦਾ ਜਿਵੇਂ ਘਰੋਂ ਆਇਆ ਸੀ ਉਸ ਤਰ੍ਹਾਂ ਹੀ ਹੱਸਦਾ ਖੇਡਦਾ ਆਪਣੇ ਘਰ ਵਾਪਿਸ ਪਰਤੇ।

No comments:

Post a Comment