Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Sunday, May 6, 2012

ਭੰਗੜੇ ਦਾ ਸ਼ੌਕੀਨ-ਕੁਲਵਰਨ ਸਿੰਘ 'ਸਿੱਕੀ'


     ਬੇਗਾਨੇ ਮੁਲਕ ਵਿੱਚ ਪੈਰ ਜਮਾਉਣ ਤੇ ਪੈਸੈ ਕਮਾਉਣ ਲਈ ਹਰ ਇੱਕ ਨੂੰ ਬੜਾ ਸੰਘਰਸ਼ ਕਰਨਾ ਪੈਂਦਾ ਹੈ। ਇਸ ਸੰਘਰਸ਼ ਭਰੀ ਜ਼ਿੰਦਗੀ 'ਚ ਜੇ ਸ਼ੌਂਕ ਵੀ ਪੁਗਾਉਣੇ ਹੋਣ ਤਾਂ ਕੋਈ ਪੰਜਾਬੀਆਂ ਕੋਲੋਂ ਸਿੱਖੇ। ਭੱਜ ਦੌੜ ਦੀ ਜ਼ਿੰਦਗੀ ਵਿੱਚੋਂ ਸਮਾਂ ਕੱਢ ਕੇ ਸੱਭਿਆਚਾਰਕ ਅਤੇ ਖੇਡ ਮੇਲੇ ਲਾਉਣਾ ਇਹ ਸਭ ਪੰਜਾਬੀਆਂ ਦੇ ਹਿੱਸੇ ਹੀ ਆਉਂਦਾ ਹੈ। ਪੰਜਾਬੀ ਆਪਣੇ ਸੁਭਾਅ ਮੁਤਾਬਿਕ ਆਪਣੇ ਧਰਮ ਵਿਰਸਾਤ, ਆਪਣੀਆਂ ਖੇਡਾਂ, ਆਪਣੇ ਲੋਕ ਨਾਚ ਗਿੱਧਾ ਭੰਗੜਾ, ਆਪਣਾ ਗੀਤ ਸੰਗੀਤ ਤੇ ਸੱਭਿਆਚਾਰਕ ਕਦਰਾਂ ਕੀਮਤਾਂ ਨੂੰ ਵੀ ਨਾਲ ਲੈ ਕੇ ਚੱਲਦੇ ਹਨ। ਵਿਦੇਸ਼ਾਂ ਵਿੱਚ ਵੀ ਇਨ੍ਹਾਂ ਨੇ ਆਪਣੇ ਹਰ ਰੰਗ ਨਾਲ ਵਿਦੇਸ਼ੀ ਲੋਕਾਂ ਨੂੰ ਰੰਗਣ ਦੀ ਬੇਮਿਸਾਲ ਕੋਸ਼ਿਸ਼ ਕੀਤੀ ਹੈ। ਕੁਝ ਇਸੇ ਹੀ ਸੋਚ ਨੂੰ ਆਪਣੇ ਅੰਗ ਸੰਗ ਲੈ ਕੇ ਚੱਲ ਰਿਹਾ ਹੈ ਪੰਜਾਬੀ ਗੱਭਰੂ ਕੁਲਵਰਨ ਸਿੰਘ। ਪਰ ਸਟੇਜਾਂ ਅਤੇ ਆਪਣੇ ਯਾਰਾਂ ਦੋਸਤਾਂ ਵਿੱਚ ਸਿੱਕੀ ਦੇ ਨਾਂ ਨਾਲ ਜਾਣਿਆ ਜਾਣ ਵਾਲਾ ਇਹ ਨੌਜਵਾਨ ਪਿਛਲੇ ਕੁਝ ਸਾਲਾਂ ਤੋਂ ਇਟਲੀ 'ਚ ਰਹਿ ਰਿਹਾ ਹੈ। ਆਪਣੇ ਭਵਿੱਖ ਨੂੰ ਸੋਹਣਾ ਬਣਾਉਣ ਲਈ ਸਖ਼ਤ ਮਿਹਨਤ ਕਰਦਾ ਹੋਇਆ ਸਮਾਂ ਕੱਢ ਕੇ ਆਪਣੇ ਸ਼ੌਂਕ ਨੂੰ ਵੀ ਪੂਰਾ ਕਰਦਾ ਆ ਰਿਹਾ ਹੈ। ਸਿੱਕੀ ਭੰਗੜੇ ਦਾ ਇੱਕ ਵਧੀਆ ਕਲਾਕਾਰ ਹੈ ਅਤੇ ਉਸਦੀ ਇਹ ਕਲਾ ਸਿੱਕੀ ਦੇ ਸਿਰ ਚੜ੍ਹ ਬੋਲਦੀ ਹੈ।

     ਸਿੱਕੀ ਦੁਆਬੇ ਇਲਾਕੇ ਦੇ ਜ਼ਿਲ੍ਹਾ ਹਸ਼ਿਆਰਪੁਰ ਦੇ ਨਗਰ ਟਾਂਡਾ ਉੜਮੁੜ ਦਾ ਜੰਮਪਲ ਹੈ। ਪਿਤਾ ਸ੍ਰ: ਗੁਰਮੀਤ ਸਿੰਘ ਤੇ ਮਾਤਾ ਸ੍ਰੀ ਮਤੀ ਸੰਤੋਸ਼ ਕੌਰ ਦੇ ਇਸ ਲਾਡਲੇ ਪੁੱਤਰ ਨੂੰ ਸਕੂਲ ਵਿੱਚ ਪੰਜਾਬ ਦੇ ਮਸ਼ਹੂਰ ਗੀਤਕਾਰ ਹਰਵਿੰਦਰ ਉਹੜਪੁਰੀ ਤੋਂ ਪੜ੍ਹਨ ਦਾ ਮੌਕਾ ਮਿਲਿਆ। ਸਿੱਕੀ ਨੂੰ ਭੰਗੜਾ ਪਾਉਣ ਦਾ ਸ਼ੌਂਕ ਸੀ ਤੇ ਹਰਵਿੰਦਰ ਉਹੜਪੁਰੀ ਹੋਰਾਂ ਦੀ ਹੱਲਾਸ਼ੇਰੀ ਤੇ ਸਿੱਖਿਆ ਸਦਕਾ ਸਿੱਕੀ ਦਾ ਇਹ ਸ਼ੌਂਕ ਹੋਰ ਵੀ ਵੱਧਦਾ ਗਿਆ। ਸਿੱਕੀ ਆਪਣੀ ਚਾਲੇ ਚੱਲਦਾ ਗਿਆ ਅਤੇ ਹੌਲੀ ਹੌਲੀ ਆਪਣੀ ਮੰਜ਼ਿਲ ਵਲ ਨੂੰ ਵੱਧਦਾ ਰਿਹਾ। ਨਾਲ ਦੀ ਨਾਲ ਪੜ੍ਹਾਈ ਦਾ ਸਫ਼ਰ ਵੀ ਜਾਰੀ ਸੀ। ਪ੍ਰਾਇਮਰੀ ਸਕੂਲ ਤੋਂ ਹਾਈ ਸਕੂਲ ਤੇ ਹਾਈ ਸਕੂਲ ਤੋਂ ਕਾਲਜ ਦਾ ਸਫ਼ਰ ਤੈਅ ਕਰਦੇ ਹੋਏ ਵੱਖ ਵੱਖ ਸਟੇਜਾਂ ਤੇ ਆਪਣੀ ਕਲਾ ਦੇ ਜੌਹਰ ਦਿਖਾਉਣ ਦਾ ਮੌਕਾ ਮਿਲਿਆ ਤੇ ਇੱਕ ਦਿਨ ਐਸਾ ਆਇਆ ਜਦੋਂ ਸਿੱਕੀ ਨੂੰ ਮਿਹਰਚੰਦ ਪੌਲੀਟੈਕਨੀਕ ਕਾਲਜ ਜਲੰਧਰ 'ਚ ਹੋਏ ਇੱਕ ਫੈਸਟੀਵਲ ਵਿੱਚ ਬੈਸਟ ਡਾਂਸਰ ਚੁਣੇ ਜਾਣ ਦਾ ਮਾਣ ਹਾਸਿਲ ਹੋਇਆ। ਸਿੱਕੀ ਦੱਸਦਾ ਹੈ ਕਿ ਹੁਣ ਤੱਕ ਉਹ ਪੰਜਾਬ ਦੇ ਨਾਮਵਰ ਕਲਾਕਾਰਾਂ ਜਿਵੇਂ ਰਵਿੰਦਰ ਗਰੇਵਾਲ, ਸੁਖਵਿੰਦਰ ਸੁੱਖੀ, ਸੁਰਿੰਦਰ ਲਾਡੀ, ਰਾਣਾ ਸੰਧੂ, ਅਵਤਾਰ ਰੰਧਾਵਾ, ਹਰਮਿੰਦਰ ਨੂਰਪੁਰੀ, ਕੁਲਤਾਰ ਬਾਜਵਾ ਅਤੇ ਹੋਰ ਬਹੁਤ ਸਾਰੇ ਕਲਾਕਾਰਾਂ ਨਾਲ ਸਟੇਜ ਤੇ ਆਪਣੇ ਭੰਗੜੇ ਦੇ ਜੌਹਰ ਵਿਖਾ ਚੁੱਕਾ ਹੈ।
     ਹੁਣ ਪਿਛਲੇ ਤਿੰਨ ਸਾਲ ਤੋਂ ਉਹ ਸੁਖਵਿੰਦਰ ਸਿੰਘ ਦੇ 'ਮਾਣ ਪੰਜਾਬ ਦਾ ਭੰਗੜਾ ਗਰੁੱਪ(ਇਟਲੀ)' ਵਿੱਚ ਭੰਗੜਾ ਪਾ ਕੇ ਆਪਣਾ ਸ਼ੌਂਕ ਪੂਰਾ ਕਰਦਾ ਆ ਰਿਹਾ ਹੈ। ਉਸ ਨੂੰ ਭੰਗੜਾ ਪਾਉਂਦਾ ਵੇਖ ਹਰ ਦਰਸ਼ਕ ਅਸ਼ ਅਸ਼ ਕਰ ਉੱਠਦਾ ਹੈ। ਇਟਲੀ ਦੇ ਤਕਰੀਬਨ ਸਾਰਿਆਂ ਮੇਲਿਆਂ ਵਿੱਚ ਉਹਨਾਂ ਦੇ ਗਰੁੱਪ ਨੂੰ ਉਚੇਚੇ ਤੌਰ ਤੇ ਸੱਦ ਕੇ ਭੰਗੜਾ ਪਾਉਣ ਦਾ ਮੌਕਾ ਦਿੱਤਾ ਜਾਂਦਾ ਹੈ। ਢੋਲ ਦੇ ਡਗੇ ਤੇ ਜਿੱਥੇ ਸਿੱਕੀ ਦੇ ਪੈਰ ਥਿੜਕਦੇ ਹਨ। ਉੱਥੇ ਦਿਲ ਦੇ ਜਜਬਾਤਾਂ ਨੂੰ ਪ੍ਰਗਟ ਕਰਨ ਲਈ ਸਿੱਕੀ ਹੱਥ 'ਚ ਕਲਮ ਫੜ ਕਾਗਜ਼ਾਂ ਤੇ ਕੁਝ ਨਾ ਕੁਝ ਉਕਰਦਾ ਵੀ ਰਹਿੰਦਾ ਹੈ, ਜੋ ਸਹਿਜੇ ਸਹਿਜੇ ਜੁੜ ਕੇ ਗੀਤ ਬਣ ਜਾਂਦੇ ਹਨ। ਬਹੁਤ ਜਲਦ ਉਸ ਦਾ ਇੱਕ ਗੀਤ ਹਨੀ ਕਿੰਗ (ਕੈਨੇਡਾ) ਦੀ ਅਵਾਜ਼ ਵਿੱਚ ਆ ਰਿਹਾ ਹੈ। ਲਿਖਣ ਬਾਰੇ ਉਸਦਾ ਕਹਿਣਾ ਹੈ
"ਗੱਲਾਂ ਤੋਂ ਗੀਤ ਬਨਾਉਣੇ, ਹਰ ਬੰਦੇ ਦੇ ਵੱਸ ਦੀ ਗੱਲ ਨਹੀਂ
ਕਿਸੇ-ਕਿਸੇ ਤੇ 'ਸਿੱਕੀ', ਰੱਬੀ ਮਿਹਰ ਇਹ ਹੁੰਦੀ ਏ।"
     ਆਖ਼ਿਰ ਵਿੱਚ ਸਿੱਕੀ ਉਚੇਚੇ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਹੈ ਹਰਵਿੰਦਰ ਉਹੜਪੁਰੀ, ਲੈਹਿੰਬਰ ਹੁਸੈਨਪੁਰੀ, ਬਿੰਦਰ ਨਵੇਂ ਪਿੰਡੀਆ, ਅਵਤਾਰ ਰੰਧਾਵਾ, ਸੇਮਾ ਜਲਾਲਪੁਰੀ ਤੇ ਬੱਲ ਬੁਤਾਲੇ ਵਾਲੇ ਦਾ ਜਿੰਨ੍ਹਾ ਦਾ ਉਸ ਨੂੰ ਬਹੁਤ ਸਹਿਯੋਗ ਮਿਲਦਾ ਰਹਿੰਦਾ ਹੈ। ਦੁਆ ਕਰਦੇ ਹਾਂ ਪ੍ਰਮਾਤਮਾ ਇਸ ਨੌਜਵਾਨ ਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ, ਇਹ ਵਧੀਆ ਲਿਖੇ ਤੇ ਇਸ ਤਰ੍ਹਾਂ ਹੀ ਆਪਣੇ ਭੰਗੜੇ ਦੇ ਜੌਹਰ ਵਿਖਾ ਦਰਸ਼ਕਾਂ ਦਾ ਮਨ ਮੋਂਹਦਾ ਰਹੇ।

No comments:

Post a Comment