Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Wednesday, June 13, 2012

ਲੱਚਰ ਗਾਇਕੀ ਲਈ ਜਿੰਮੇਵਾਰ ਲੋਕ

     ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਬਾਰੇ ਅੱਜ ਹਰ ਪਾਸੇ ਚਰਚਾ ਛਿੜੀ ਹੋਈ ਹੈ। ਇਸ ਨੂੰ ਰੋਕਣ ਲਈ ਗਾਇਕਾਂ ਦੇ ਘਰਾਂ ਅੱਗੇ ਧਰਨੇ ਵੀ ਦਿੱਤੇ ਜਾ ਰਹੇ ਹਨ। ਪਿੱਛੇ ਜਿਹੇ ਇੱਕ ਗਾਇਕ ਨੇ ਵੀ ਲੱਚਰ ਗਾਇਕੀ ਖਿਲਾਫ਼ ਮੀਡੀਏ ਰਾਹੀਂ ਆਵਾਜ਼ ਉਠਾਈ। ਭਾਵੇਂ ਉਸ ਨੇ ਨਿਸ਼ਾਨਾ ਇੱਕ ਕੰਪਨੀ ਤੇ ਕੁਝ ਗਾਇਕਾਂ ਨੂੰ ਹੀ ਬਣਾਇਆ। ਇਸ ਤਰ੍ਹਾਂ ਹੀ ਹੋਰ ਵੀ ਬਹੁਤ ਸਾਰੇ ਲੋਕ ਪੰਜਾਬੀ ਗਾਇਕੀ ਵਿੱਚ ਵਧ ਰਹੀ ਲੱਚਰਤਾ ਨੂੰ ਰੋਕਣ ਲਈ ਯਤਨਸ਼ੀਲ ਹਨ। ਜੋ ਕੋਈ ਵੀ ਆਪੋ ਆਪਣੇ ਢੰਗ ਨਾਲ਼ ਇਸ ਲੱਚਰ ਗਾਇਕੀ ਨੂੰ ਰੋਕਣ ਲਈ ਕਦਮ ਉਠਾ ਰਿਹਾ ਸ਼ਲਾਘਾਯੋਗ ਹੈ।
     ਮੈਂ ਕਈ ਵਾਰ ਇਸ ਵਿਸ਼ੇ ਤੇ ਲਿਖਣਾ ਸ਼ੁਰੂ ਕੀਤਾ ਤੇ ਫਿਰ ਅੱਧ ਵਿਚਕਾਰ ਹੀ ਛੱਡ ਦਿੱਤਾ। ਉਹ ਇਸ ਲਈ ਨਹੀਂ ਕਿ ਮੈਂ ਇਸ ਖ਼ਿਲਾਫ਼ ਕੁਝ ਲਿਖਣਾ ਨਹੀਂ ਸੀ ਚਾਹੁੰਦਾ, ਪਰ ਇਸ ਲਈ ਕਿ ਮੈਂ ਜਦ ਵੀ ਲੱਚਰ ਗਾਇਕੀ ਖ਼ਿਲਾਫ਼ ਆਵਾਜ਼ ਉਠਦੀ ਸੁਣੀ, ਉਹ ਕੁਝ ਕੁ ਗਾਇਕਾਂ ਤੇ ਗੀਤਕਾਰਾਂ ਤੇ ਹੀ ਆ ਕੇ ਰੁਕੀ। ਲੱਚਰ ਗੀਤ ਆ ਰਹੇ ਨੇ ਇਸ ਵਿੱਚ ਕੋਈ ਸ਼ੱਕ ਨਹੀਂ, ਪਰ ਗੱਲ ਕੁਝ ਗਾਇਕਾਂ ਅਤੇ ਗੀਤਕਾਰਾਂ ਤੱਕ ਆ ਕੇ ਰੁਕ ਜਾਣੀ ਮੇਰੇ ਸਮਝੋਂ ਬਾਹਰੀ ਗੱਲ ਹੈ ਕਿ ਇਹ ਇਸ ਤਰ੍ਹਾਂ ਕਿਉਂ ਹੋ ਰਿਹਾ ਹੈ। ਹੋ ਸਕਦਾ ਮੈਂ ਗਲਤ ਹੋਵਾਂ, ਪਰ ਜਦੋਂ ਇਸ ਤਰ੍ਹਾਂ ਹੁੰਦਾ ਹੈ ਕਿ ਗੀਤਕਾਰ ਅਤੇ ਗਾਇਕ ਹੀ ਇੱਕ ਦੂਜੇ ਖਿਲਾਫ ਬੋਲਦੇ ਨੇ ਤਾਂ
ਮੈਨੂੰ ਸਭ੍ ਸਿਆਸਤ ਵਰਗਾ ਲੱਗਦਾ ਹੈ। ਮੇਰੀ ਨਜ਼ਰੇ ਇਸ ਲਈ ਕੁਝ ਕੁ ਲੋਕ ਹੀ ਜਿੰਮੇਵਾਰ ਨਹੀਂ ਸਗੋਂ ਕੁਝ ਕੁ ਲੋਕ ਹੀ ਹੋਣਗੇ ਜਿਹੜੇ ਇਸ ਕਲੰਕ ਤੋਂ ਬਚੇ ਹੋਣਗੇ। ਇੱਕ ਗੱਲ ਹੋਰ ਜੋ ਆਮ ਹੀ ਸੁਨਣ ਨੂੰ ਮਿਲਦੀ ਹੈ ਕਿ ਪਹਿਲਾਂ ਗਾਇਕੀ ਸਾਫ਼ ਸੁਥਰੀ ਹੁੰਦੀ ਸੀ ਹੁਣ ਤਾਂ ਦਿਨੋ ਦਿਨ ਲੱਚਰਤਾ ਵੱਲ ਵਧਦੀ ਜਾ ਰਹੀ ਹੈ। ਮੈਂ ਇਸ ਗੱਲ ਨਾਲ ਵੀ ਬਹੁਤਾ ਸਹਿਮਤ ਨਹੀਂ ਹਾਂ ਕਿਉਂਕਿ ਪਹਿਲਾਂ ਵੀ ਚੰਗੇ ਤੇ ਮਾੜੇ ਗੀਤ ਆਉਂਦੇ ਸਨ ਤੇ ਅੱਜ ਵੀ ਚੰਗੇ ਤੇ ਮਾੜੇ ਗੀਤ ਆ ਰਹੇ ਨੇ। ਜੋ ਫਰਕ ਆਇਆ ਕਹਿ ਸਕਦੇ ਹਾਂ ਉਹ ਇਹ ਕਿ ਪਹਿਲਾਂ ਗਾਇਕਾਂ, ਗੀਤਕਾਰਾਂ ਦੀ ਗਿਣਤੀ ਘੱਟ ਸੀ ਤੇ ਹੁਣ ਬਹੁਤ ਜਿਆਦਾ ਹੋ ਗਈ ਹੈ। ਦੂਜਾ ਪਹਿਲਾਂ ਗੀਤਾਂ ਦਾ ਫਿਲਮਾਂਕਣ ਨਹੀਂ ਸੀ ਹੁੰਦਾ। ਜੇ ਕਿਤੇ 30 ਕੁ ਸਾਲ ਪਹਿਲਾਂ ਵੀ ਗੀਤਾਂ ਦਾ ਫਿਲਮਾਂਕਣ ਹੁੰਦਾ ਤਾਂ ਹੁਣ ਤੋਂ ਕਿਤੇ ਵੱਧ ਗੰਦ ਪੁਰਾਣੇ ਗਾਇਕਾਂ ਨੇ ਹੀ ਪਾ ਦੇਣਾ ਸੀ। ਮੇਰੇ ਕਹਿਣ ਦਾ ਮਤਲਬ ਇਹ ਨਹੀਂ ਕਿ ਜੋ ਹੋ ਰਿਹਾ ਉਹ ਠੀਕ ਹੋ ਰਿਹਾ ਜਾਂ ਹੋਣ ਦੇਣਾ ਚਾਹੀਦਾ। ਮੈਂ ਇਹ ਕਹਿਣਾ ਚਾਹੁੰਨਾ ਕਿ ਜੇ ਇਸ ਭੈੜੀ ਬਿਮਾਰੀ ਦਾ ਇਲਾਜ ਪਹਿਲਾਂ ਹੀ ਕਰ ਲਿਆ ਜਾਂਦਾ ਤਾਂ ਇਹ ਐਨੀ ਨਾ ਵਧਦੀ ਤੇ ਸਭਿਆਚਾਰ ਦੀ ਹਾਲਤ ਦਿਨੋ ਦਿਨ ਵਿਗੜਦੀ ਨਾ ਜਾਂਦੀ।
     ਜਦ ਵੀ ਲੱਚਰ ਗਾਇਕੀ ਲਈ ਜਿੰਮੇਵਾਰ ਕੌਣ ਦਾ ਸਵਾਲ ਉੱਠਦਾ ਹੈ ਤਾਂ ਹਰ ਕੋਈ ਕਿਸੇ ਦੂਜੇ ਨੂੰ ਜਿੰਮੇਵਾਰ ਠਹਿਰਾ ਕੇ ਆਪਣੀ ਜਿੰਮੇਵਾਰੀ ਤੋਂ ਪੱਲਾ ਝਾੜਨ ਦੀ ਕੋਸ਼ਿਸ਼ ਕਰਦਾ ਹੈ। ਜਿੰਮੇਵਾਰ ਤਾਂ ਸਾਰੇ ਹੀ ਹਨ ਗੀਤਕਾਰ, ਗਾਇਕ, ਸੰਗੀਤਕਾਰ, ਵੀਡਿਓ ਵਾਲੇ, ਕੰਪਨੀਆਂ ਤੇ ਸਰੋਤੇ। ਜੋ ਕੋਈ ਵੀ ਕਿਸੇ ਲੱਚਰ ਗੀਤ ਦੀ ਤਿਆਰੀ ਵਿੱਚ ਆਪਣਾ ਕਿਸੇ ਤਰ੍ਹਾਂ ਵੀ ਆਪਣਾ ਯੋਗਦਾਨ ਪਾਉਂਦਾ ਹੈ ਉਹ ਬਰਾਬਰ ਦਾ ਦੋਸ਼ੀ ਹੈ। ਕਿਉਂਕਿ ਹਰ ਇੱਕ ਨੂੰ ਪਤਾ ਹੁੰਦਾ ਕਿ ਇਹ ਗੀਤ ਸਾਡੇ ਹੀ ਪਰਿਵਾਰਾਂ ਵਿੱਚ ਸੁਣਿਆ ਤੇ ਵੇਖਿਆ ਜਾਣਾ ਹੈ। ਸਰੋਤੇ ਤਾਂ ਸਭ ਤੋਂ ਵੱਡੇ ਦੋਸ਼ੀ ਹਨ ਜਿਹੜੇ ਉਸ ਲੱਚਰ ਗੀਤ ਨੂੰ ਸਵੀਕਾਰ ਕੇ ਉਨ੍ਹਾਂ ਦਾ ਹੌਂਸਲਾ ਵਧਾਉਂਦੇ ਹਨ।
     ਸਰੋਤਿਆਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਘਰ ਪਰਿਵਾਰ 'ਚ ਸੁਨਣ ਲਈ ਅਲੱਗ ਗੀਤ ਚਾਹੀਦੇ ਹਨ, ਟ੍ਰੈਕਟਰ ਤੇ ਲਾ ਕੇ ਲੋਕਾਂ ਨੂੰ ਸੁਨਾਉਣ ਲਈ ਹੋਰ, ਮੋਟਰਾਂ ਤੇ ਸੁਨਣ ਲਈ ਹੋਰ ਅਤੇ ਟਰੱਕਾਂ ਤੇ ਸੁਨਣ ਲਈ ਹੋਰ। ਪਰ ਗਾਇਕ ਇੱਕੋ ਐਲਬਮ ਨਾਲ਼ ਸਾਰਿਆਂ ਨੂੰ ਖੁਸ਼ ਕਰਨਾ ਚਾਹੁੰਦਾ। ਬਸ ਏਥੇ ਹੀ ਗੜਬੜ ਸ਼ੁਰੂ ਹੋ ਜਾਂਦੀ ਹੈ। ਕਿਉਂਕਿ ਉਸ ਐਲਬਮ ਚੋਂ ਬਹੁਤੇ ਗੀਤ ਅਸੀਂ ਨਹੀਂ ਚਾਹੁੰਦੇ ਕਿ ਸਾਡੇ ਘਰ ਵਿੱਚ ਸੁਣੇ ਜਾਣ, ਉਸ ਵਿੱਚੋਂ ਹੀ ਕੋਈ ਗੀਤ ਅਸੀਂ ਟ੍ਰੈਕਟਰ ਤੇ ਉੱਚੀ ਆਵਾਜ਼ 'ਚ ਲਾ ਕੇ ਹੋਰ ਕਿਸੇ ਦੇ ਘਰ ਮੂਹਰਦੀ ਲੰਘਦੇ ਹਾਂ ਤਾਂ ਕੋਈ ਫ਼ਰਕ ਨੀ ਪੈਂਦਾ। ਪਰ ਉਹੀ ਗੀਤ ਜਦੋਂ ਕੋਈ ਸਾਡੇ ਘਰ ਮੂਹਰਦੀ ਲਾ ਕੇ ਲੰਘਦਾ ਤਾਂ ਉਸ ਗੀਤ ਦੇ ਬੋਲਾਂ ਦੇ ਅਰਥ ਚੰਗੀ ਤਰ੍ਹਾਂ ਸਮਝ ਆ ਜਾਂਦੇ ਹਨ ਤੇ ਗੱਲ ਲੜਾਈ ਤੱਕ ਪਹੁੰਚ ਜਾਂਦੀ ਹੈ। ਤੇ ਅੱਜ ਜਿੱਥੇ ਇੱਕ ਪਾਸੇ ਜਿੰਨ੍ਹਾਂ ਗੀਤਾਂ ਖ਼ਿਲਾਫ ਔਰਤਾਂ ਦੀ ਇੱਕ ਸੰਸਥਾਂ ਆਵਾਜ਼ ਉਠਾ ਰਹੀ ਹੈ। ਬੜੀ ਸ਼ਰਮ ਦੀ ਗੱਲ ਹੈ ਕਿ ਉਹੀ ਗੀਤ ਪਾਰਟੀਆਂ ਵਿੱਚ ਬਹੁਤੀ ਵਾਰ ਕਈ ਔਰਤਾਂ ਵੱਲੋਂ ਫਰਮਾਇਸ਼ ਕਰ ਕੇ ਲਵਾਏ ਜਾਂਦੇ ਹਨ। ਹੁਣ ਗਾਇਕ ਤਾਂ ਇਹੋ ਵੇਖੇਗਾ ਕਿ ਪਸੰਦ ਕਰਨ ਵਾਲੇ ਜ਼ਿਆਦਾ ਨੇ ਜਾਂ ਵਿਰੋਧ ਕਰਨ ਵਾਲੇ। ਜੇ ਪਸੰਦ ਕਰਨ ਵਾਲਿਆਂ ਦੀ ਗਿਣਤੀ ਵੱਧ ਹੋਵੇਗੀ ਤਾਂ ਗਾਇਕ ਵਾਰ ਵਾਰ ਇਹੋ ਜਿਹੇ ਗੀਤ ਗਾਵੇਗਾ। ਤੇ ਇਸ ਲਈ ਕਸੂਰਵਾਰ ਸੁਨਣ ਵਾਲੇ ਹੀ ਗਿਣੇ ਜਾਣਗੇ।
     ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਉਮਰ ਦੇ ਲਿਹਾਜ ਨਾਲ਼ ਇਨਸਾਨ ਦੀ ਪਸੰਦ ਅਤੇ ਸੋਚ ਵੀ ਬਦਲਦੀ ਜਾਂਦੀ ਹੈ। ਬਚਪਨ ਵਿੱਚ ਡਮਰੂ ਭੰਮੀਰੀਆਂ ਵਾਲੇ ਗੀਤ ਚੰਗੇ ਲੱਗਦੇ ਨੇ, ਜਵਾਨੀ ਵਿੱਚ ਪਿਆਰ ਵਾਲੇ ਤੇ ਉਸ ਤੋਂ ਬਾਅਦ ਸਮਾਜਿਕ ਸਮੱਸਿਆਵਾਂ, ਸਮਾਜਿਕ ਕੁਰੀਤੀਆਂ ਦੀ ਗੱਲ ਕਰਦੇ ਜਾਂ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਜ਼ਿਆਦਾ ਵਧੀਆ ਲੱਗਦੇ ਹਨ। ਉਹ ਗੱਲ ਵੱਖ ਹੈ ਕਿ ਕੋਈ ਉਮਰ ਤੋਂ ਪਹਿਲਾਂ ਜਿਆਦਾ ਸਿਆਣਾ ਹੋ ਜਾਂਦਾ ਹੈ ਤੇ ਕਿਸੇ ਨੂੰ ਸਾਰੀ ਉਮਰ ਅਕਲ ਨਹੀਂ ਆਉਂਦੀ। ਅਸਲ ਗੱਲ ਤਾਂ ਗੀਤ 'ਚ ਵਰਤੀ ਜਾਣ ਵਾਲੀ ਸ਼ਬਦਾਵਲੀ ਜਾਂ ਗੀਤ ਦੇ ਫਿਲਮਾਂਕਣ ਦੀ ਹੈ। ਸਿੱਧੀ ਜਿਹੀ ਗੱਲ ਹੈ ਕਿ ਜਿਹੜੀ ਸ਼ਬਦਾਵਲੀ ਅਸੀਂ ਦੋਸਤਾਂ ਨਾਲ਼ ਗੱਲ ਕਰਦੇ ਸਮੇਂ ਕਈ ਵਾਰ ਵਰਤਦੇ ਹਾਂ, ਉਹੀ ਗੱਲ ਆਪ ਤੋਂ ਵੱਡੀ ਉਮਰ ਵਾਲ਼ੇ ਜਾਂ ਪਰਿਵਾਰ ਵਿੱਚ ਕਰਨ ਲੱਗਿਆਂ ਸਾਡੀ ਸ਼ਬਦਾਵਲੀ ਵਿੱਚ ਕਿੰਨਾ ਅੰਤਰ ਆ ਜਾਂਦਾ ਹੈ। ਇਸ ਲਈ ਜੇ ਗਾਇਕ ਚਾਹੁੰਦਾ ਹੈ ਕਿ ਉਸ ਦੇ ਗੀਤ ਹਰ ਘਰ 'ਚ ਵੇਖੇ ਸੁਣੇ ਜਾਣ ਤਾਂ ਗੀਤਾਂ ਦੀ ਸ਼ਬਦਾਵਲੀ ਅਤੇ ਫਿਲਮਾਂਕਣ ਦਾ ਧਿਆਨ ਤਾਂ ਰੱਖਣਾ ਹੀ ਬਣਦਾ।
     ਮੈਂ ਅੱਜ ਤੱਕ ਜਿੰਨੇ ਵੀ ਕਲਾਕਾਰਾਂ ਦੀਆਂ ਮੁਲਾਕਾਤਾਂ ਪੜ੍ਹੀਆਂ, ਸੁਣੀਆਂ ਜਾਂ ਵੇਖੀਆਂ ਨੇ ਸਭ ਦਾ ਇਹੋ ਕਹਿਣਾ ਹੁੰਦਾ ਕਿ ਵਧੀਆ ਲਿਖੋ, ਵਧੀਆ ਪੜ੍ਹੋ, ਵਧੀਆ ਸੁਣੋ ਤੇ ਵਧੀਆ ਵੇਖੋ। ਜੇ ਸਾਰਿਆਂ ਦੀ ਸੋਚ ਐਨੀ ਵਧੀਆ ਹੈ ਤਾਂ ਇਹ ਸਾਰਾ ਗੰਦ ਕੌਣ ਪਾ ਰਿਹਾ ਹੈ? ਇੱਕ ਗੱਲ ਹੋਰ ਕਿ ਕਈ ਵਾਰ ਕੁਝ ਲੋਕਾਂ ਵੱਲੋਂ ਸੈਂਕੜਿਆਂ ਦੀ ਗਿਣਤੀ 'ਚ ਵਧੀਆ ਗੀਤ ਲਿਖਣ ਜਾਂ ਗਾਉਣ ਵਾਲ਼ੇ ਵੱਲੋਂ ਕੀਤੀ ਇੱਕ ਗਲਤੀ ਦੀ ਤਾਂ ਰੱਝ ਕੇ ਵਿਰੋਧਤਾ ਕੀਤੀ ਜਾਂਦੀ ਹੈ ਤੇ ਇਸ ਦੇ ਉਲਟ ਕਈ ਵਾਰ ਘਟੀਆ ਪੱਧਰ ਦੇ ਦੂਹਰੇ ਅਰਥਾਂ ਵਾਲੇ ਗੀਤ ਲਿਖਣ, ਗਾਉਣ ਵਾਲਿਆਂ ਦੀਆਂ ਸਫਾਈਆਂ ਦਿੱਤੀਆਂ ਜਾਂਦੀਆਂ ਨੇ ਕਿ ਉਹ ਤਾਂ ਕੁਝ ਹੋਰ ਕਹਿਣਾ ਚਾਹੁੰਦਾ ਸੀ ਲੋਕਾਂ ਨੇ ਆਪਣੇ ਹਿਸਾਬ ਨਾਲ਼ ਗ਼ਲਤ ਮਤਲਬ ਕੱਢ ਲਿਆ। ਦੱਸੋ ਜੇ ਉਹ ਵਧੀਆ ਗੱਲ ਕਰਨੀ ਚਾਹੁੰਦਾ ਤਾਂ ਘੁਮਾ ਫਿਰਾ ਕੇ ਕਰਨ ਦੀ ਕੀ ਲੋੜ ਹੈ। ਉਹ ਆਪਣੀ ਗੱਲ ਸਿੱਧੇ ਸ਼ਬਦਾ 'ਚ ਵੀ ਤਾਂ ਕਰ ਸਕਦਾ। ਅਸਲ ਵਿੱਚ ਉਹ ਦੋਵੇਂ ਤਰ੍ਹਾਂ ਦੇ ਸਰੋਤਿਆਂ ਨੂੰ ਖੁਸ਼ ਰੱਖਣਾ ਚਾਹੁੰਦਾ ਤੇ ਆਪਣੇ ਸਿਰ ਕੋਈ ਦੋਸ਼ ਵੀ ਨਹੀਂ ਲੈਣਾ ਚਾਹੁੰਦਾ।
     ਜੇ ਪੁਰਾਣੇ ਤੇ ਨਵੇਂ ਗੀਤਾਂ ਦਾ ਵਿਸਥਾਰ ਨਾਲ਼ ਜਿਕਰ ਕਰਨ ਲੱਗੀਏ ਤਾਂ ਮੈਨੂੰ ਲੱਗਦਾ ਗਿਣਤੀ ਦੇ ਗੀਤਕਾਰ ਤੇ ਗਾਇਕ ਹੋਣਗੇ ਜਿੰਨ੍ਹਾਂ ਨੇ ਕੁਝ ਗ਼ਲਤ ਲਿਖਿਆ ਜਾਂ ਗਾਇਆ ਨਾ ਹੋਵੇ। ਮੇਰੇ ਖ਼ਿਆਲ ਮੁਤਾਬਿਕ ਜਦੋਂ ਕੋਈ ਕਲਾਕਾਰ ਆਪਣੀ ਕਲਾ ਨੂੰ ਕਿੱਤਾ ਬਣਾ ਲੈਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਸਮਝੌਤਾ ਜਰੂਰ ਕਰਦਾ ਹੈ। ਬਸ ਫਰਕ ਐਨਾ ਕੋਈ ਥੋੜਾ ਕਰਦਾ ਕੋਈ ਬਹੁਤਾ ਤੇ ਕੋਈ ਟਾਵਾਂ ਹੀ ਇਸ ਤੋਂ ਬਚਦਾ ਹੈ। ਜੇ ਗੱਲ ਨੂੰ ਥੋੜਾ ਜਿਹਾ ਹੋਰ ਸਾਫ ਕਰ ਲਈਏ ਕਿ ਇਹ ਕਲਾਕਾਰ ਦੀ ਸੋæਹਰਤ ਦੀ ਭੁੱਖ ਅਤੇ ਉਸ ਦੀ ਸੋਚ ਤੇ ਨਿਰਭਰ ਕਰਦਾ ਹੈ। ਜੇ ਕਲਾਕਾਰ ਮਿਹਨਤ ਦੇ ਸਿਰ ਤੇ ਸ਼ੋਹਰਤ ਹਾਸਿਲ ਕਰਨ ਵਾਲਾ ਹੋਵੇਗਾ ਤਾਂ ਸਮਝੌਤੇ ਘੱਟ ਹੋਣਗੇ ਜਾਂ ਨਹੀਂ ਵੀ ਹੋਣਗੇ। ਪਰ ਰਾਤੋ ਰਾਤ ਮਸ਼ਹੂਰ ਹੋ ਕੇ ਸ਼ੋਹਰਤ ਪਾਉਣ ਦਾ ਲਾਲਚ ਰੱਖਣ ਵਾਲਾ ਹਰ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਹੋ ਜਾਵੇਗਾ। ਇਸ ਦੀ ਮਿਸਾਲ ਇੱਕ ਗਾਇਕ ਦੀ ਜੁਬਾਨੀ ਕਹੀ ਗੱਲ ਨਾਲ ਦੇਣਾਂ ਚਾਹਾਂਗਾ। ਕੁਝ ਸਾਲ ਪਹਿਲਾਂ ਦੀ ਗੱਲ ਹੈ ਇੱਕ ਗਾਇਕ ਨੇ ਘਟੀਆ ਪੱਧਰ ਦੇ ਬੋਲਾਂ ਵਾਲੇ ਗੀਤ ਦਾ ਘਟੀਆ ਪੱਧਰ ਦਾ ਵੀਡਿਓ ਬਣਾ ਕੇ ਚੈਨਲਾਂ ਤੇ ਚਲਾਇਆ। ਉਹ ਗੀਤ ਪਰਿਵਾਰ 'ਚ ਬੈਠ ਕੇ ਵੇਖਣ ਸੁਨਣ ਦੇ ਯੋਗ ਨਹੀਂ ਸੀ। ਲੋਕਾਂ ਨੇ ਗਾਇਕ, ਕੰਪਨੀ ਤੇ ਚੈਨਲ ਵਾਲਿਆਂ ਨੂੰ ਲਾਹਨਤਾਂ ਪਾ ਕੇ ਉਹ ਗੀਤ ਬੰਦ ਕਰਵਾਇਆ। ਕੁਝ ਸਮਾਂ ਬਾਅਦ ਮੇਰੀ ਉਸ ਗਾਇਕ ਨਾਲ਼ ਮੁਲਾਕਾਤ ਹੋਈ ਤੇ ਮੈਂ ਉਸ ਨੂੰ ਪੁੱਛਿਆ ਕਿ ਗਾਇਕ ਉਂਝ ਤਾਂ ਕਹਿੰਦੇ ਨੇ ਕਿ ਸਰੋਤਿਆਂ ਦੀ ਪਸੰਦ ਦੇ ਹਿਸਾਬ ਨਾਲ਼ ਗੀਤ ਗਾਉਣੇ ਪੈਂਦੇ ਨੇ, ਤੇਰੇ ਇਸ ਗੀਤ ਨੂੰ ਤਾਂ ਸਭ ਨੇ ਲਾਹਨਤਾਂ ਪਾਈਆਂ। ਫਿਰ ਤੂੰ ਇਹੋ ਜਿਹਾ ਗੀਤ ਕਿਉਂ ਗਾਇਆ ਤੇ ਫਿਲਮਾਇਆ ਜਿਹੜਾ ਲੋਕਾਂ ਦੀ ਪਸੰਦ ਹੀ ਨਹੀਂ ਸੀ। ਅੱਗੋਂ ਉਸਦਾ ਜਵਾਬ ਸੀ ਕਿ ਜਦੋਂ ਕਿਸੇ ਕੰਪਨੀ ਜਾਂ ਪ੍ਰੋਡਿਊਸਰ ਨਾਲ ਜੁੜ ਕੇ ਕੰਮ ਕਰੀਏ ਤਾਂ ਉਸ ਦੀ ਰੰਨ ਬਣ ਕੇ ਰਹਿਣਾ ਪੈਂਦਾ ਤੇ ਨਾ ਚਾਹੁੰਦੇ ਹੋਏ ਵੀ ਕਈ ਗੱਲਾਂ ਮੰਨਣੀਆਂ ਪੈਂਦੀਆਂ। ਤੇ ਇਸ ਦੇ ਨਾਲ਼ ਹੀ ਉਸਦਾ ਕਹਿਣਾ ਸੀ ਕਿ ਚਲੋ ਜਿਵੇਂ ਮਰਜੀ ਸਹੀ ਗੀਤ ਦੀ ਚਰਚਾ ਤਾਂ ਹੋ ਗਈ। ਹੁਣ ਇਹ ਗੱਲ ਤਾਂ ਸਾਫ਼ ਹੈ ਕਿ ਜੀਹਦੇ ਵੱਲ ਲੋਕ ਬਹੁਤਾ ਧਿਆਨ ਨ੍ਹੀਂ ਦਿੰਦੇ ਉਹ ਜਾਣ ਬੁਝ ਕੇ ਇਹੋ ਜਿਹੀ ਹਰਕਤ ਕਰਦਾ ਹੈ ਜੀਹਦੇ ਨਾਲ਼ ਉਹ ਚਰਚਾ ਵਿੱਚ ਆ ਜਾਵੇ। ਤੇ ਅਸੀਂ ਲੋਕ ਵੀ ਸਾਰਾ ਜ਼ੋਰ ਉਹਦੀ ਮੁਫ਼ਤ ਵਿੱਚ ਮਸ਼ਹੂਰੀ ਕਰਨ ਤੇ ਲਾ ਦਿੰਦੇ ਹਾਂ। ਨੈੱਟ, ਟੀ ਵੀ ਅਤੇ ਅਖ਼ਬਾਰਾਂ ਵਿੱਚ ਉਹਦੀ ਹੀ ਚਰਚਾ। ਭਾਵੇਂ ਸਾਡੀ ਭਾਵਨਾ ਹੋਰ ਹੁੰਦੀ ਹੈ ਪਰ ਉਸ ਨੂੰ ਬਿਨਾਂ ਪੈਸੇ ਲਾਇਆਂ ਉਸ ਦੀ ਸੋਚ ਤੋਂ ਵੀ ਵੱਧ ਮਸ਼ਹੂਰੀ ਮਿਲ ਜਾਂਦੀ ਹੈ। ਇਸ ਤਰ੍ਹਾਂ ਲੋਕਾਂ ਦਾ ਧਿਆਨ ਖਿੱਚਣ ਲਈ ਕੋਈ ਨਾ ਕੋਈ ਗਾਇਕ ਇਹੋ ਜਿਹੀ ਹਰਕਤ ਕਰਦਾ ਹੀ ਰਹਿੰਦਾ ਹੈ।
     ਹੁਣ ਜਾਂ ਤਾਂ ਕੋਈ ਇਹੋ ਜਿਹਾ ਕਨੂੰਨ ਬਣ ਜਾਵੇ ਕਿ ਗਾਇਕ ਜਾਂ ਤਾਂ ਪੂਰੀ ਪਰਿਵਾਰਕ ਐਲਬਮ ਬਣਾਵੇ। ਤੇ ਜੇ ਉਹਨੇ ਸੌਂਹ ਖਾਧੀ ਹੋਈ ਆ ਕਿ ਆਪਾਂ ਤਾਂ ਸਿਰਫ ਪੈਸਾ ਵੇਖਣਾ ਕਿਵੇਂ ਬਣਦਾ, ਉਹਦੇ ਲਈ ਜੋ ਮਰਜੀ ਗਾਉਣਾ ਪਵੇ ਉਹੀ ਗਾਵਾਂਗਾ। ਜਾਂ ਸਿੱਧੇ ਜਿਹੇ ਸ਼ਬਦਾ 'ਚ ਇਹ ਕਹਿ ਦੇਈਏ ਕਿ ਉਹਨੇ ਰਿਸ਼ਤਿਆਂ ਦਾ ਘਾਣ ਕਰ ਕੇ ਗੰਦ ਹੀ ਪਾਉਣਾ ਨਤੀਜਾ ਜੋ ਮਰਜੀ ਹੋਵੇ। ਇਹੋ ਜਿਹੇ ਗਾਇਕ ਦੀ ਐਲਬਮ ਤੇ ਸਾਫ਼ ਤੇ ਮੋਟੇ ਅੱਖ਼ਰਾਂ ਵਿੱਚ ਲਿਖਿਆ ਹੋਣਾ ਚਾਹੀਦਾ ਕਿ ਇਹ ਐਲਬਮ ਪਰਿਵਾਰ ਵਿੱਚ ਬੈਠ ਕੇ ਸੁਨਣ ਦੇ ਯੋਗ ਨਹੀਂ ਤੇ ਇਸ ਨਾਲ ਸਭਿਆਚਾਰ ਦਾ ਘਾਣ ਹੋ ਸਕਦਾ। ਜਿਵੇਂ ਨਸ਼ੀਲੇ ਪਦਾਰਥਾਂ ਤੇ ਲਿਖਿਆ ਹੁੰਦਾ ਕਿ ਇਹ ਸਿਹਤ ਲਈ ਹਾਨੀਕਾਰਕ ਹੋ ਸਕਦਾ ਜਾਂ ਇਸ ਨਾਲ਼ ਤੁਹਾਡੀ ਜਾਨ ਜਾ ਸਕਦੀ ਹੈ। ਜਿਵੇਂ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਰੋਕ ਤਾਂ ਨਹੀਂ ਲਾਈ ਜਾਂਦੀ ਕਿਉਂਕਿ ਇਹ ਮੋਟੀ ਕਮਾਈ ਦਾ ਸਾਧਨ ਨੇ, ਪਰ ਇਸਤੇਮਾਲ ਕਰਨ ਵਾਲੇ ਨੂੰ ਸੂਚਿਤ ਕਰ ਕੇ ਬਚਣ ਦਾ ਇੱਕ ਮੌਕਾ ਜਰੂਰ ਦਿੱਤਾ ਜਾਂਦਾ। ਜੇ ਕੋਈ ਜਾਣ ਬੁਝ ਮਰਨਾ ਚਾਹੁੰਦਾ ਉਹਦੇ ਲਈ ਤਾਂ ਕੁਝ ਨ੍ਹੀਂ ਕੀਤਾ ਜਾ ਸਕਦਾ। ਇਸ ਤਰ੍ਹਾਂ ਐਲਬਮ ਤੇ ਲਿਖਿਆ ਪੜ੍ਹ ਕੇ ਜੇ ਕੋਈ ਜਾਣ ਬੁਝ ਕੇ ਸਭਿਆਚਾਰ ਨੂੰ ਵਿਗਾੜਨ ਤੇ ਰਿਸ਼ਤਿਆਂ ਦਾ ਘਾਣ ਕਰਨ ਲਈ ਇਸ ਨੂੰ ਖ੍ਰੀਦਦਾ ਹੈ ਤਾਂ ਉਹਦਾ ਕੀ ਕੀਤਾ ਜਾ ਸਕਦਾ। ਇਹੋ ਜਿਹੇ ਨੂੰ ਤਾਂ ਉਨ੍ਹਾਂ ਲੋਕਾਂ 'ਚ ਹੀ ਸ਼ਾਮਿਲ ਕਰ ਸਕਦੇ ਹਾਂ ਜਿਹੜੇ ਹਰ ਪਿੰਡ 'ਚ ਦੋ ਚਾਰ ਹੁੰਦੇ ਹੀ ਹਨ। ਜਿੰਨ੍ਹਾਂ ਨੇ ਆਪਣੀ ਇੱਜ਼ਤ ਰੱਖਣੀ ਨ੍ਹੀਂ ਹੁੰਦੀ ਤੇ ਕਿਸੇ ਦੀ ਰਹਿਣ ਨਹੀਂ ਦੇਣੀ ਹੁੰਦੀ। ਥੋੜੇ ਦਿਨਾਂ ਬਾਅਦ ਇਨ੍ਹਾਂ ਦੀ ਕਿਤੋਂ ਨਾ ਕਿਤੋਂ ਛਿੱਤਰ ਪਰੇਡ ਹੁੰਦੀ ਹੀ ਰਹਿੰਦੀ ਏ।
     ਇੱਕ ਸੱਚ ਵੀ ਹੈ ਕਿ ਅੱਜ ਕੱਲ ਐਲਬਮ ਦੀ ਵਿਕਰੀ ਤਾਂ ਘੱਟ ਹੀ ਹੁੰਦੀ ਹੈ। ਜ਼ਿਆਦਾਤਰ ਤਾਂ ਨੈੱਟ ਤੇ ਹੀ ਫੇਲ ਪਾਸ ਹੋ ਜਾਂਦੀਆਂ ਨੇ। ਬਹੁਤੇ ਗਾਇਕ ਹੁਣ ਐਲਬਮ ਤਿਆਰ ਕਰਨ ਤੋਂ ਪਹਿਲਾਂ ਇੱਕ ਦੋ ਗੀਤ ਨੈੱਟ ਤੇ ਪਾ ਕੇ ਚੈੱਕ ਕਰਦੇ ਹਨ ਕਿ ਸਰੋਤਿਆਂ ਦਾ ਕਿਹੋ ਜਿਹਾ ਹੁੰਗਾਰਾ ਹੈ। ਹੁਣ ਇੱਥੇ ਸਭ ਦਾ ਫਰਜ਼ ਬਣਦਾ ਕਿ ਵਧੀਆ ਗੀਤਾਂ ਨੂੰ ਹੀ ਹੁੰਗਾਰਾ ਦਿੱਤਾ ਜਾਵੇ ਤੇ ਉਨ੍ਹਾਂ ਨੂੰ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਵੇ। ਘਟੀਆ ਗੀਤਾਂ ਦੀ ਬਿਲਕੁਲ ਚਰਚਾ ਨਾ ਹੋਵੇ। ਇਹ ਗੱਲ ਆਮ ਵੇਖਣ 'ਚ ਆਈ ਹੈ ਕਿ ਜਦੋਂ ਕਿਸੇ ਗ਼ਲਤ ਗੀਤ ਦੀ ਚਰਚਾ ਹੋਣ ਲੱਗ ਪੈਂਦੀ ਹੈ ਤਾਂ ਜੀਹਨੇ ਨਹੀਂ ਵੀ ਵੇਖਿਆ ਸੁਣਿਆ ਹੁੰਦਾ ਉਹ ਵੀ ਜਰੂਰ ਵੇਖਦਾ ਹੈ। ਇੱਕ ਵਾਰ ਕਿਸੇ ਲੇਖਕ ਵੀਰ ਨੇ ਲੱਚਰ ਗੀਤ ਗਾਉਣ ਵਾਲੇ ਇੱਕ ਗਾਇਕ ਦੇ ਖਿਲਾਫ ਲੇਖ ਲਿਖਿਆ ਜਿਸ ਵਿੱਚ ਉਸ ਦੇ ਬਹੁਤ ਸਾਰੇ ਗੀਤਾਂ ਦੇ ਬੋਲਾਂ, ਉਨ੍ਹਾ ਦੇ ਵੀਡਿਓ ਬਾਰੇ ਬੜੇ ਵਿਸਥਾਰ ਨਾਲ ਲਿਖਿਆ ਅਤੇ ਉਸ ਗਾਇਕ ਦੀਆਂ ਗੀਤਾਂ ਨਾਲ ਸਬੰਧਤ ਕੁਝ ਇਤਰਾਜਯੋਗ ਤਸਵੀਰਾਂ ਵੀ ਉਸ ਲੇਖ ਵਿੱਚ ਛਪੀਆਂ। ਉਸ ਲੇਖ ਦਾ ਅਸਰ ਇਹ ਹੋਇਆ ਜਿੰਨ੍ਹਾਂ ਲੋਕਾਂ ਨੇ ਉਸ ਗਾਇਕ ਦਾ ਨਾਮ ਤੱਕ ਵੀ ਨਹੀਂ ਸੀ ਸੁਣਿਆ ਉਨ੍ਹਾਂ ਨੇ ਉਸ ਗਾਇਕ ਦੀਆਂ ਕੈਸਿਟਾਂ ਤੇ ਵੀਡਿਓ ਲੱਭਣੇ ਸ਼ੁਰੂ ਕਰ ਦਿੱਤੇ। ਲੇਖਕ ਦੀ ਭਾਵਨਾ ਭਾਵੇਂ ਹੋਰ ਸੀ ਪਰ ਗਾਇਕ ਨੂੰ ਮੁਫ਼ਤ ਵਿੱਚ ਅੰਤਰਰਾਸ਼ਟਰੀ ਪੱਧਰ ਤੇ ਮਸ਼ਹੂਰੀ ਮਿਲ ਗਈ। ਇਸ ਤਰ੍ਹਾਂ ਜਾਣੇ-ਅਣਜਾਣੇ ਵਿੱਚ ਬਹੁਤ ਵਾਰ ਹੁੰਦਾ ਰਹਿੰਦਾ ਹੈ। ਇਸ ਲਈ ਮੇਰਾ ਵਿਚਾਰ ਹੈ ਕਿ ਜੇ ਇਹੋ ਜਿਹੇ ਗਾਇਕਾਂ ਨੂੰ ਚਰਚਾ ਦਾ ਵਿਸ਼ਾ ਬਨਾਉਣ ਦੀ ਥਾਂ ਉਸ ਸਿੱਧਾ ਸੰਪਰਕ ਕਰ ਕੇ ਲਾਹਨਤਾਂ ਪਾਈਆਂ ਜਾਣ ਤਾਂ ਜ਼ਿਆਦਾ ਵਧੀਆ ਹੋਵੇਗਾ। ਹੋ ਸਕਦਾ ਇਸ ਦਾ ਉਸ ਤੇ ਬਹੁਤਾ ਅਸਰ ਨਾ ਹੋਵੇ ਜਿਵੇਂ ਕਹਿੰਦੇ ਆ "ਕੀ ਬੇਸ਼ਰਮ ਨੂੰ ਮੇਹਣਾ, ਤੇ ਕੀ ਬੇਸ਼ਰਮ ਨੂੰ ਗਾਲ਼।" ਪਰ ਇਸ ਤਰ੍ਹਾਂ ਘੱਟੋ ਘੱਟ ਉਸ ਨੂੰ ਮੁਫ਼ਤ ਦੀ ਮਸ਼ਹੂਰੀ ਨਹੀਂ ਮਿਲੇਗੀ।
     ਇੱਕ ਗੱਲ ਤਾਂ ਸਾਫ਼ ਹੈ ਕਿ ਇਸ ਲੱਚਰ ਗਾਇਕੀ ਨੂੰ ਸਿਰਫ ਸਰੋਤੇ ਹੀ ਰੋਕ ਸਕਦੇ ਨੇ। ਲੱਚਰ ਗਾਇਕੀ ਖਿਲਾਫ਼ ਰੌਲ਼ਾ ਪਾਉਣ ਵਾਲੇ ਤਾਂ ਬਹੁਤ ਨੇ ਉਨ੍ਹਾਂ ਵਿੱਚੋਂ ਬਹੁਤੇ ਤਾਂ ਨੈੱਟ ਤੇ ਜਿਹੜੇ ਗੀਤ ਨੂੰ ਬੜੇ ਸ਼ੌਕ ਨਾਲ ਵੇਖ ਸੁਣ ਰਹੇ ਹੁੰਦੇ ਨੇ ਉਹ ਦੂਜੇ ਪਾਸੇ ਉਸ ਗੀਤ ਖਿਲਾਫ ਚੱਲ ਰਹੀ ਚਰਚਾ ਵਿੱਚ ਉਸ ਗੀਤ ਖਿਲਾਫ਼ ਆਪਣੇ ਸੁੰਦਰ ਵਿਚਾਰ ਵੀ ਦੇ ਰਹੇ ਹੁੰਦੇ ਨੇ। ਆਪਾਂ ਜੇ ਸਿਰਫ਼ ਉਨ੍ਹਾਂ ਦੀ ਹੀ ਗੱਲ ਕਰ ਲਈਏ ਜਿਹੜੇ ਸੱਚੇ ਦਿਲੋਂ ਚਾਹੁੰਦੇ ਹਨ ਕਿ ਇਹ ਸਭ ਬੰਦ ਹੋਣਾ ਚਾਹੀਦਾ। ਉਨ੍ਹਾਂ ਅੱਗੇ ਦੋ ਸਿੱਧੇ ਜਿਹੇ ਸਵਾਲ ਨੇ। ਕੀ ਆਪਾਂ ਆਪਣੇ ਪਰਿਵਾਰ ਦੇ ਉਨ੍ਹਾਂ ਮੈਂਬਰਾਂ ਨੂੰ ਇਹੋ ਜਿਹੇ ਗੀਤ ਸੁਨਣ ਜਾਂ ਵੇਖਣ ਤੋਂ ਰੋਕ ਸਕਦੇ ਹਾਂ ਜਿਹੜੇ ਇਸ ਤਰ੍ਹਾਂ ਦੇ ਗੀਤ ਪਸੰਦ ਕਰਦੇ ਹਨ? ਕੀ ਆਪਾਂ ਆਪਣੇ ਘਰ 'ਚ ਕਿਸੇ ਖੁਸ਼ੀ ਮੌਕੇ ਡੀ ਜੇ 'ਤੇ ਵੱਜਦੇ ਜਾਂ ਸਟੇਜ 'ਤੇ ਗਾਇਕ ਵੱਲੋਂ ਗਾਏ ਜਾ ਰਹੇ ਇਹੋ ਜਿਹੇ ਗੀਤਾਂ ਨੂੰ ਬੰਦ ਕਰਵਾ ਸਕਦੇ ਹਾਂ ਜਿੰਨ੍ਹਾਂ ਤੇ ਸਾਡੇ ਪਰਿਵਾਰ ਵਾਲੇæ ਜਾਂ ਰਿਸ਼ਤੇਦਾਰ ਨੱਚ ਰਹੇ ਹੁੰਦੇ ਹਨ? ਜੇ ਤਾਂ ਅਸੀਂ ਆਪਣੇ ਘਰ ਤੋਂ ਇਸ ਤਰ੍ਹਾਂ ਦੀ ਸ਼ੁਰੂਆਤ ਕਰਨ ਵਿੱਚ ਕਾਮਯਾਬ ਹਾਂ ਤਾਂ ਇਸ ਤਰ੍ਹਾਂ ਦੀ ਗਾਇਕੀ ਨੂੰ ਰੋਕਣਾ ਕੋਈ ਵੱਡੀ ਗੱਲ ਨਹੀਂ। ਪਰ ਜੇ ਅਸੀਂ ਕਿਸੇ ਪਰਿਵਾਰਕ ਮੈਂਬਰ ਦੇ ਗੁੱਸੇ ਹੋਣ ਦੇ ਡਰੋਂ ਜਾਂ ਘਰ ਵਿੱਚ ਖ਼ੁਸ਼ੀ ਦੇ ਮਾਹੌਲ ਮੌਕੇ ਰੰਗ 'ਚ ਭੰਗ ਪਾਉਣ ਦੇ ਡਰੋਂ ਇੰਨ੍ਹਾਂ ਗੀਤਾਂ ਨੂੰ ਬੰਦ ਨਹੀਂ ਕਰਵਾ ਸਕਦੇ ਤਾਂ ਫਿਰ ਵਿਖਾਵੇ ਲਈ ਜਿੰਨ੍ਹਾਂ ਮਰਜ਼ੀ ਰੌਲ਼ਾ ਪਾਈ ਜਾਈਏ ਤੇ ਗਾਇਕਾਂ, ਗੀਤਕਾਰਾਂ ਨੂੰ ਚੰਗਾ ਮੰਦਾ ਬੋਲ ਲੱਖ ਉਨ੍ਹਾਂ ਦੇ ਘਰਾਂ ਅੱਗੇ ਧਰਨੇ ਦੇਈ ਜਾਈਏ, ਕੋਈ ਬਹੁਤਾ ਫਰਕ ਨਹੀਂ ਪੈਣ ਲੱਗਾ। ਇੱਕ ਹਟੇਗਾ ਦੂਜਾ ਸ਼ੁਰੂ ਹੋ ਜਾਵੇਗਾ। ਜਿਵੇਂ ਕਹਿੰਦੇ ਹੁੰਦੇ ਨੇ "ਦੂਜੇ ਦੀ ਪੀੜੀ ਥੱਲੇ ਸੋਟਾ ਫੇਰਨਾ ਸੌਖਾ ਹੁੰਦਾ, ਆਪਣੀ ਪੀੜੀ ਥੱਲੇ ਸੋਟਾ ਫੇਰਨ ਲਈ ਝੁਕਣਾ ਪੈਂਦਾ।" ਇਸ ਲਈ ਲੋੜ ਆ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਫੇਰਨ ਦੀ, ਦੂਜੇ ਦੀ ਪੀੜੀ ਥੱਲੇ ਸੋਟਾ ਤਾਂ ਜਦੋਂ ਮਰਜ਼ੀ ਫੇਰ ਲਵੋ ਉਹਦੇ ਲਈ ਝੁਕਣ ਦੀ ਤਕਲੀਫ਼ ਨਹੀਂ ਕਰਨੀ ਪੈਣੀ। ਵਧੀਆ ਗੀਤ ਲਿਖਣ ਅਤੇ ਗਾਉਣ ਵਾਲ਼ਿਆਂ ਦੀ ਅੱਜ ਵੀ ਕੋਈ ਘਾਟ ਨਹੀਂ। ਬਸ ਉਨ੍ਹਾਂ ਨੂੰ ਆਪਣੇ ਭਰਵੇਂ ਹੁੰਗਾਰੇ ਦੀ ਜਰੂਰਤ ਹੈ। ਆਓ ਆਪੋ ਆਪਣਾ ਫ਼ਰਜ ਪਛਾਣਦੇ ਹੋਏ ਉਨ੍ਹਾਂ ਦਾ ਸਾਥ ਦੇਈਏ ਤੇ ਪੰਜਾਬੀ ਗਾਇਕੀ ਨੂੰ ਹੋਰ ਨਿਘਾਰ ਵੱਲ ਜਾਣ ਤੋਂ ਬਚਾਈਏ।

No comments:

Post a Comment