Featured Post

ਜਦੋਂ ਏਜੰਟ ਨੂੰ ਰੇੜ੍ਹੇ ਅੱਗੇ ਜੋੜਿਆ ਗਿਆ

   ਪੈਸਾ ਵੀ ਕੀ ਚੀਜ਼ ਹੈ, ਇਸ ਨੂੰ ਪਾਉਣ ਲਈ ਹਰ ਕੋਈ ਆਪੋ-ਆਪਣੇ ਤਰੀਕੇ ਨਾਲ ਪੂਰੀ ਵਾਹ ਲਾਉਂਦਾ ਹੈ। ਸਬਰ ਵਾਲਿਆਂ ਨੂੰ ਤਾਂ ਸਖ਼ਤ ਮਿਹਨਤ ਤੋਂ ਬਾਅਦ ਜੇ ਗੁਜ਼ਾਰੇ ਜਿੰਨ...

Wednesday, August 29, 2012

ਕਲਾ ਦਾ ਪੁਜਾਰੀ-ਸਾਬਰ ਅਲੀ 'ਮੋਰਿੰਡਾ'


     ਕਲਾ ਨਾਲ਼ ਅੰਤਾਂ ਦਾ ਮੋਹ ਰੱਖਣ ਵਾਲ਼ੇ ਬਹੁਤ ਸਾਰੇ ਕਲਾਕਾਰਾਂ ਬਾਰੇ ਪੜ੍ਹਿਆ ਤੇ ਸੁਣਿਆ ਤਾਂ ਬਹੁਤ ਵਾਰ ਸੀ ਪਰ ਇਹੋ ਜਿਹੇ ਕਲਾਕਾਰ ਨੂੰ ਮਿਲਣ ਦਾ ਮੌਕਾ ਦੋ ਕੁ ਸਾਲ ਪਹਿਲਾਂ 'ਸਾਹਿਤ ਸੁਰ ਸੰਗਮ ਸਭਾ ਇਟਲੀ' ਦਾ ਗਠਨ ਕਰਨ ਮੌਕੇ ਮਿਲਿਆ। ਜਿਸ ਨੂੰ ਪ੍ਰਮਾਤਮਾ ਨੇ ਇੱਕ ਨਹੀਂ ਬਲਕਿ ਬਹੁਤ ਸਾਰੀਆਂ ਕਲਾਵਾਂ ਨਾਲ਼ ਨਿਵਾਜਿਆ ਹੈ। ਉਹ ਲੇਖ਼ਕ ਹੈ, ਗਾਇਕ ਹੈ ਤੇ ਅਦਾਕਾਰ ਵੀ। ਕਿੱਤੇ ਦੇ ਤੌਰ ਤੇ ਉਸ ਨੇ ਕਿਸੇ ਵੀ ਕਲਾ ਨੂੰ ਨਹੀਂ ਅਪਣਾਇਆ ਹੋਇਆ। ਉਸਦਾ ਕਹਿਣਾ ਹੈ ਕਿ ਉਹ ਗਾਇਕੀ ਨੂੰ ਕਿੱਤੇ ਵਜੋਂ ਜਰੂਰ ਅਪਣਾਉਂਦਾ ਜੇ ਉਹ ਪੂਰੀ ਤਰ੍ਹਾਂ ਸੰਗੀਤ ਦੀ ਵਿਦਿਆ ਹਾਸਿਲ ਕਰ ਪਾਉਂਦਾ। ਗੀਤ ਸੰਗੀਤ ਉਸ ਦੀ ਰੂਹ ਦੀ ਖ਼ੁਰਾਕ ਹੈ। ਗੀਤ ਸੰਗੀਤ ਤੋਂ ਬਿਨਾਂ ਉਹ ਜ਼ਿੰਦਗੀ ਨੂੰ ਅਧੂਰੀ ਜਿੰਦਗੀ ਮੰਨਦਾ ਹੈ। ਉਹ ਹਰ
ਇੱਕ ਕਲਾ ਅਤੇ ਕਲਾਕਾਰ ਦਾ ਬਹੁਤ ਕਦਰਦਾਨ ਹੈ। ਉਹ ਦੂਜੇ ਕਲਾਕਾਰਾਂ ਦੇ ਵਧੀਆ ਕੰਮ ਦੀ ਹਮੇਸ਼ਾ ਤਾਰੀਫ਼ ਕਰਦਾ ਹੈ ਅਤੇ ਉਨ੍ਹਾਂ ਦੀਆਂ ਕਮੀਆਂ ਨੂੰ ਵੀ ਉਨ੍ਹਾਂ ਦੇ ਮੂੰਹ ਤੇ ਹੀ ਕਹਿੰਦਾ ਹੈ ਨਾ ਕਿ ਪਿੱਠ ਪਿੱਛੇ। ਸ਼ਾਇਦ ਇਹੋ ਕਾਰਨ ਹੈ ਕਿ ਇਟਲੀ ਦੇ
ਸਾਰੇ ਕਲਾਕਾਰਾਂ ਦਾ ਉਸ ਨਾਲ਼ ਵਧੀਆ ਮਿਲਵਰਤਨ ਹੈ। ਸੱਚੀ ਗੱਲ ਮੂੰਹ ਤੇ ਕਹਿਣ ਵਾਲ਼ੀ ਉਸ ਦੀ ਆਦਤ ਕਾਰਨ ਜਿੱਥੇ ਉਸ ਦੇ ਕਦਰਦਾਨਾ ਦੀ ਕਮੀ ਨਹੀਂ, ਉੱਥੇ ਇਸ ਆਦਤ ਕਾਰਨ ਬਹੁਤ ਸਾਰੇ ਸੱਜਣ ਉਸ ਤੋਂ ਪਾਸਾ ਵੀ ਵੱਟ ਗਏ ਹਨ। ਕਲਾ ਦਾ ਪੁਜਾਰੀ, ਯਾਰਾਂ ਦਾ ਯਾਰ, ਸਭ ਨੂੰ ਖਿੜੇ ਮੱਥੇ ਮਿਲਣ ਵਾਲ਼ਾ ਇਹ ਕਲਾਕਾਰ ਹੈ ਸਾਬਰ ਅਲੀ। ਇਟਲੀ ਵਿੱਚ ਉਹ ਸਾਬਰ ਅਲੀ ਮੋਰਿੰਡਾ ਦੇ ਨਾਮ ਨਾਲ਼ ਜਾਣਿਆ ਜਾਂਦਾ ਹੈ।
    
ਸਾਬਰ ਅਲੀ ਮੋਰਿੰਡਾ (ਰੋਪੜ)ਦਾ ਜੰਮਪਲ ਹੈ। ਪਿਤਾ ਸ੍ਰੀ ਸਲਾਮ ਦੀਨ ਅਤੇ ਮਾਤਾ ਸ੍ਰੀ ਮਤੀ ਭਾਗੋ ਦੇ ਘਰ ਜਨਮੇ ਇਸ ਪੁੱਤਰ ਨੇ ਮੁਢਲੀ ਪੜ੍ਹਾਈ ਮੋਰਿੰਡਾ ਅਤੇ ਬਾਰਵੀਂ(10+2) ਡੀ ਏ ਵੀ ਕਾਲਜ ਚੰਡੀਗੜ੍ਹ ਤੋਂ ਕੀਤੀ। ਕਾਲਜ ਵਿੱਚ ਪੜ੍ਹਦੇ ਸਮੇਂ ਉਸ ਦੀ ਪਹਿਲੀ ਕਹਾਣੀ 'ਬਰਬਾਦੀ ਦਾ ਦੀਵਾ' ਛਪੀ। ਤੇ ਉਸ ਦਾ ਗੀਤ ਪਹਿਲੀ ਵਾਰ 'ਸੂਲ ਸੁਰਾਹੀ' ਰਸਾਲੇ ਵਿੱਚ ਛਪਿਆ। ਇਹ ਉਸ ਦੀ ਲੇਖਣੀ ਦੇ ਖ਼ੇਤਰ ਵਿੱਚ ਸ਼ੁਰੂਆਤ ਸੀ। ਅਦਾਕਾਰੀ ਦੀ ਗੱਲ ਕਰੀਏ ਤਾਂ ਸਾਬਰ ਅਲੀ 'ਸੱਜਰੀ ਸਵੇਰ ਕਲਾ ਕੇਂਦਰ ਮੋਰਿੰਡਾ' ਨਾਲ਼ ਮਿਲ ਕੇ ਬਹੁਤ ਸਾਰੇ ਸਟੇਜੀ ਅਤੇ ਨੁੱਕੜ ਨਾਟਕ ਖੇਡ ਚੁੱਕਾ ਹੈ। ਸਾਬਰ ਅਲੀ ਪਿਛਲੇ ਵੀਹ ਸਾਲ ਤੋਂ ਵੀ ਵੱਧ ਸਮੇਂ ਤੋਂ 'ਨੌਜਵਾਨ ਸਾਹਿਤ ਸਭਾ(ਰਜਿ) ਮੋਰਿੰਡਾ ਅਤੇ ਪਿਛਲੇ ਦੋ ਸਾਲ ਤੋਂ 'ਸਾਹਿਤ ਸੁਰ ਸੰਗਮ ਸਭਾ ਇਟਲੀ' ਨਾਲ਼ ਬਤੌਰ ਸੇਵਾਦਾਰ ਜੁੜਿਆ ਆ ਰਿਹਾ ਹੈ ਤੇ ਬਹੁਤ ਵਧੀਆ ਢੰਗ ਨਾਲ਼ ਆਪਣੀ ਸੇਵਾ ਨਿਭਾਉਂਦਾ ਆ ਰਿਹਾ ਹੈ।
     ਸਮੇਂ ਮੁਤਾਬਿਕ ਹਰ ਇੱਕ ਕਲਾਕਾਰ ਕਿਤੋਂ ਨਾ ਕਿਤੋਂ ਤੇ ਕਿਸੇ ਨਾ ਕਿਸੇ ਤੋਂ ਬਹੁਤ ਕੁਝ ਸਿਖਦਾ ਰਹਿੰਦਾ ਹੈ। ਪਰ ਸ਼ੁਰੂਆਤੀ ਦੌਰ ਵਿੱਚ ਹਰ ਕੋਈ ਆਪਣੇ ਨਜਦੀਕ ਵੱਸਦੇ ਜਾਂ ਵਿਚਰਦੇ ਕਲਾਕਾਰਾਂ ਤੋਂ ਹੀ ਪ੍ਰਭਾਵਿਤ ਹੁੰਦਾ ਹੈ। ਸਾਬਰ ਅਲੀ ਨੂੰ ਪ੍ਰਭਾਵਿਤ ਕਰਨ ਤੇ ਪ੍ਰੇਰਿਤ ਕਰਨ ਵਾਲਿਆਂ ਵਿੱਚ ਉਹ ਲੇਖਣੀ ਦੇ ਖੇਤਰ ਵਿੱਚ ਜਸਵਿੰਦਰ ਸਿੰਘ 'ਪ੍ਰੀਤ', ਗਾਇਕੀ ਵਿੱਚ ਦਲੇਰ ਸੰਘਾ ਅਤੇ ਸਾਹਿਤ ਲਈ ਰਵਿੰਦਰ ਸਿੰਘ 'ਰੱਬੀ' ਦਾ ਬਹੁਤ ਵੱਡਾ ਯੋਗਦਾਨ ਮੰਨਦਾ ਹੈ। ਸਾਬਰ ਅਲੀ ਪੰਜਾਬੀ ਸੰਗੀਤ ਪ੍ਰੇਮੀਆਂ ਦੇ ਦਿਲਾਂ 'ਤੇ ਚਾਰ ਦਹਾਕੇ ਤੋਂ ਵੀ ਵੱਧ ਸਮਾਂ ਰਾਜ ਕਰਨ ਵਾਲ਼ੀ ਸਦਾਬਹਾਰ ਜੋੜੀ ਮਹੁੰਮਦ ਸੰਦੀਕ ਅਤੇ ਰਣਜੀਤ ਕੌਰ ਦਾ ਬਹੁਤ ਜ਼ਿਆਦਾ ਪ੍ਰਸੰਸਕ ਹੈ। ਉਸਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਦੇ ਗੀਤ ਅਕਸਰ ਸੁਣਦਾ ਹਾਂ। ਜਦੋਂ ਕਦੇ ਕਿਸੇ ਪ੍ਰੇਸ਼ਾਨੀ ਕਾਰਨ ਥੋੜਾ ਉਦਾਸ ਵੀ ਹੋਵਾਂ ਤਾਂ ਇਸ ਜੋੜੀ ਨੂੰ ਸੁਣ ਕੇ ਮੇਰੀ ਰੂਹ ਖਿੜ ਉਠਦੀ ਹੈ ਤੇ ਉਦਾਸੀ ਖੰਭ ਲਾਅ ਕਿਧਰੇ ਦੂਰ ਉਡਾਰੀ ਮਾਰ ਜਾਂਦੀ ਹੈ।
    ਸਾਬਰ ਅਲੀ ਦੀ ਪੜ੍ਹਦੇ ਸਮੇਂ ਤੋਂ ਹੀ ਦਿਲੀ ਇੱਛਾ ਸੀ ਕਿ ਉਹ ਸੰਗੀਤ ਸਿੱਖ ਕੇ ਇੱਕ ਦਿਨ ਗਾਇਕੀ ਨੂੰ ਕਿੱਤੇ ਦੇ ਤੌਰ ਤੇ ਅਪਣਾਵੇ। ਪਰ ਘਰ ਦੀ ਆਰਥਿਕ ਮੰਦਹਾਲੀ ਕਾਰਨ ਇਹ ਸੰਭਵ ਨਹੀਂ ਹੋਇਆ। ਉਹ ਦੱਸਦਾ ਹੈ "ਸੰਗੀਤ ਸਿੱਖਣ ਲਈ ਉਸ ਨੇ ਆਪਣੇ ਵੱਲੋਂ ਹਰ ਕੋਸ਼ਿਸ਼ ਕੀਤੀ। ਆਪਣੇ ਆਪ ਨੂੰ ਸੰਗੀਤ ਸਿਖਾਉਣ ਵਾਲਿਆਂ ਦੀ ਸੇਵਾ ਵਿੱਚ ਹਾਜ਼ਿਰ ਕੀਤਾ। ਪ੍ਰੋਗ੍ਰਾਮ ਕਰਨ ਮੌਕੇ ਉਨ੍ਹਾਂ ਦੇ ਸਾਜ ਸਿਰ ਉੱਤੇ ਚੁੱਕ ਪੈਦਲ ਨੈਣਾਂ ਦੇਵੀ ਵਾਲ਼ੀ ਪਹਾੜੀ ਦੀ ਉਚਾਈ ਤੱਕ ਇਸ ਆਸ ਨਾਲ਼ ਲਿਜਾਂਦਾ ਰਿਹਾ ਕਿ ਸ਼ਾਇਦ ਉਹ ਸੰਗੀਤ ਸਿਖਾਉਣ ਦੀ ਮਿਹਰ ਕਰ ਦੇਣ। ਪਰ ਪੈਸੇ ਬਿਨਾਂ ਹਰ ਪਾਸਿਓਂ ਟਾਲ਼ ਮਟੋਲ ਹੀ ਹੁੰਦੀ ਰਹੀ। ਪਰ ਫ਼ਿਰ ਵੀ ਉਨ੍ਹਾਂ ਦੀ ਸੰਗਤ ਕਰਦਿਆਂ ਕੁਝ ਨਾ ਕੁਝ ਹਾਸਿਲ ਜਰੂਰ ਕਰ ਲਿਆ| ਸੰਗੀਤ ਲਈ ਉਸ ਨੇ ਉਹ ਵੀ ਕੀਤਾ ਜੋ ਉਸ ਨੂੰ ਨਹੀਂ ਸੀ ਕਰਨਾ ਚਾਹੀਦਾ। ਇੱਕ ਘਟਨਾ ਸਾਂਝੀ ਕਰਦੇ ਹੋਏ ਉਹ ਦੱਸਦਾ ਹੈ "ਜ਼ਿੰਦਗੀ ਵਿੱਚ ਅੱਜ ਤੱਕ ਇੱਕੋ ਵਾਰ ਚੋਰੀ ਕੀਤੀ, ਉਹ ਵੀ ਸੰਗੀਤ ਲਈ। ਗੱਲ ਇਸ ਤਰ੍ਹਾਂ ਹੋਈ ਕਿ ਮੈਨੂੰ ਪਤਾ ਲੱਗਾ ਕੋਈ ਹਰਮੋਨੀਅਮ ਵੇਚ ਰਿਹਾ ਹੈ। ਪਰ ਮੇਰੇ 'ਚ ਐਨੀ ਹਿੰਮਤ ਨਹੀਂ ਸੀ ਕਿ ਮੈਂ ਉਹ ਹਰਮੋਨੀਅਮ ਖ੍ਰੀਦ ਸਕਦਾ। ਹਰਮੋਨੀਅਮ ਦੀ ਕੀਮਤ ਮੇਰੀ ਦੋ ਮਹੀਨਿਆਂ ਦੀ ਤਨਖ਼ਾਹ ਤੋਂ ਵੀ ਵੱਧ ਸੀ। ਮੈਂ ਹਰਮੋਨੀਅਮ ਹਰ ਹਾਲਤ ਵਿੱਚ ਖ੍ਰੀਦਣਾ ਚਾਹੁੰਦਾ ਸੀ। ਘਰਦਿਆਂ ਤੋਂ ਇਸ ਕੰਮ ਲਈ ਪੈਸੇ ਮੰਗ ਕੇ ਗਾਲ਼ਾਂ ਖਾਣ ਤੋਂ ਸਿਵਾਏ ਹੋਰ ਕੱਖ ਪੱਲੇ ਪੈਣ ਵਾਲ਼ਾ ਨਹੀਂ ਸੀ। ਬਸ ਉਸ ਦਿਨ ਇੱਕੋ ਹੱਲ ਜੋ ਨਜ਼ਰ ਆਇਆ ਉਹ ਇਹ ਕਿ ਪਿਤਾ ਜੀ ਦੇ ਦੁਕਾਨ ਲਈ ਸੌਦਾ ਲਿਆਉਣ ਵਾਸਤੇ ਰੱਖੇ ਪੈਸੇ ਉਨ੍ਹਾਂ ਤੋਂ ਚੋਰੀ ਵਰਤ ਲਵਾਂ ਤੇ ਹੌਲ਼ੀ-ਹੌਲ਼ੀ ਇਕੱਠੇ ਕਰ ਕੇ ਵਾਪਿਸ ਰੱਖ ਦਿਆਂਗਾ। ਹਰਮੋਨੀਅਮ ਖ੍ਰੀਦ ਲਿਆਂਦਾ, ਜਿਹੜੇ ਪੈਸੇ ਚੱਕੇ ਸੀ ਉਹ ਵਾਪਿਸ ਰੱਖ ਨਾ ਹੋਏ, ਸਾਰਾ ਭੇਦ ਖੁੱਲ ਗਿਆ ਤੇ ਘਰਦਿਆਂ ਤੋਂ ਤੱਤੀਆਂ ਠੰਡੀਆਂ ਸੁਨਣੀਆਂ ਪਈਆਂ। ਕੀਤੀ ਚੋਰੀ ਦਾ ਮੈਨੂੰ ਅੱਜ ਤੱਕ ਅਫ਼ਸੋਸ ਹੈ, ਪਰ ਜਦੋਂ ਗੱਲ ਸੰਗੀਤ ਦੀ ਹੁੰਦੀ ਹੈ ਤਾਂ ਮੈਨੂੰ ਮੇਰਾ ਹਰ ਫ਼ੈਸਲਾ ਜਾਇਜ਼ ਹੀ ਲੱਗਦਾ ਹੈ। ਸੰਗੀਤ ਲਈ ਇੱਕ ਵਾਰ ਨਹੀਂ ਬਹੁਤ ਵਾਰ ਘਰਦਿਆਂ ਤੋਂ ਗਾਲ਼ਾਂ ਪਈਆਂ ਕਿਉਂਕਿ ਉਹ ਚਾਹੁੰਦੇ ਸੀ ਕਿ ਮੈਂ ਇਹ ਸਭ ਕੁਝ ਛੱਡ ਸਿਰਫ਼ ਕੰਮ ਵੱਲ ਧਿਆਨ ਦੇਵਾਂ ਤੇ ਚਾਰ ਪੈਸੇ ਘਰ ਲਿਆਵਾਂ। ਪਰ ਮੇਰੇ ਲਈ ਸੰਗੀਤ ਰੂਹ ਦੀ ਖ਼ੁਰਾਕ ਬਣ ਚੁੱਕਾ ਸੀ ਇਸ ਨੂੰ ਛੱਡਣ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਜਿੱਥੋਂ ਜਿੰਨਾ ਕੁ ਸਿੱਖਣ ਦਾ ਮੌਕਾ ਮਿਲਿਆ ਸਿਖਦਾ ਰਿਹਾ। ਹੌਲ਼ੀ ਹੌਲ਼ੀ ਐਨਾ ਕੁ ਤਾਂ ਸਿੱਖ ਲਿਆ ਕਿ ਆਪਣਾ ਸ਼ੌਕ ਪੂਰਾ ਕਰ ਸਕਾਂ। 1997 ਵਿੱਚ ਵਧੀਆ ਕਮਾਈ ਕਰਨ ਦੀ ਆਸ ਲੈ ਸਾਉਦੀ ਅਰਬ ਚਲਾ ਗਿਆ। ਸਾਉਦੀ ਅਰਬ ਵਿੱਚ ਉਂਝ ਤਾਂ ਜਸ਼ਨ ਮਨਾਉਣ ਦੀ ਇਜਾਜਤ ਨਹੀਂ ਹੈ। ਪਰ ਇੱਕ ਦਿਨ ਪਤਾ ਲੱਗਾ ਕਿ ਹਿੰਦੋਸਤਾਨੀਆਂ ਵੱਲੋਂ ਮਿਲ ਕੇ 15 ਅਗਸਤ ਨੂੰ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ। ਮੈਂ ਉਸ ਸਮਾਗਮ ਤੇ ਜਾ ਕੇ ਗੀਤ ਗਾਉਣ ਦਾ ਮਨ ਬਣਾ ਲਿਆ। ਕੰਮ ਤੋਂ ਛੁੱਟੀ ਮੰਗੀ ਉਨ੍ਹਾਂ ਨਾਂਹ ਕਰ ਦਿੱਤੀ। ਪਰ ਮੈਂ ਛੁੱਟੀ ਲੈਣ ਲਈ ਅੜਿਆ ਰਿਹਾ। ਫੈਕਟਰੀ ਦੇ ਅਸੂਲਾਂ ਮੁਤਾਬਿਕ ਬਿਨਾਂ ਆਗਿਆ ਛੁੱਟੀ ਕਰਨ ਵਾਲੇ ਦੀ ਇੱਕ ਛੁੱਟੀ ਬਦਲੇ ਦੋ ਦਿਨ ਦੀ ਤਨਖ਼ਾਹ ਕੱਟੀ ਜਾਂਦੀ ਸੀ। ਮੈਂ ਉਹ ਸ਼ਰਤ ਮਨਜੂਰ ਕਰ ਕੇ ਛੁੱਟੀ ਕਰ ਲਈ। ਸਮਾਗਮ ਤੇ ਪਹੁੰਚ ਗੀਤ ਗਾਉਣ ਲਈ ਪੁੱਛਿਆ ਤਾਂ ਉੱਥੇ ਵੀ ਪਹਿਲਾਂ ਨਾਂਹ ਨੁੱਕਰ ਹੋਈ ਪਰ ਕਰ ਕਰਾ ਕੇ ਮੈਂ ਇੱਕ ਗੀਤ ਗਾਉਣ ਦਾ ਸਮਾਂ ਲੈ ਲਿਆ। ਤੇ ਜਦੋਂ ਮੈਂ ਮੁਹੰਮਦ ਰਫ਼ੀ ਸਾਹਿਬ ਦਾ "ਅਬ ਤੁਮਹਾਰੇ ਹਵਾਲੇ ਯੇਹ ਵਤਨ ਸਾਥੀਓ" ਗੀਤ ਗਾਇਆ ਤਾਂ ਦਰਸ਼ਕਾਂ ਵਾਹ! ਵਾਹ! ਕਰਦਿਆਂ ਮੈਨੂੰ ਆਪਣੇ ਹੱਥਾਂ ਉੱਪਰ ਚੁੱਕ ਲਿਆ, ਮੇਰੀ ਖ਼ੁਸ਼ੀ ਦੀ ਉਸ ਵੇਲ਼ੇ ਕੋਈ ਹੱਦ ਨਾ ਰਹੀ। ਦੋ ਸਾਲ ਉੱਥੇ ਕੰਮ ਕਰਨ ਤੋਂ ਬਾਅਦ ਦੋਸਤਾਂ ਦੀ ਮੱਦਦ ਸਦਕਾ 1999 ਵਿੱਚ ਇਟਲੀ ਆ ਗਿਆ। ਪਿਛਲੇ ਛੇ ਕੁ ਸਾਲ ਤੋਂ ਮੇਰਾ ਪਰਿਵਾਰ ਜਿਸ ਵਿੱਚ ਮੇਰੀ ਪਤਨੀ, ਦੋ ਬੇਟੇ ਤੇ ਇੱਕ ਬੇਟੀ ਵੀ ਮੇਰੇ ਨਾਲ਼ ਇਟਲੀ ਵਿੱਚ ਹੀ ਰਹਿ ਰਿਹਾ ਹੈ। ਇਟਲੀ ਆ ਕੇ ਕੰਮ ਦੇ ਨਾਲ਼ ਗੀਤ ਸੰਗੀਤ ਦਾ ਦੌਰ ਵੀ ਚੱਲਦਾ ਰਿਹਾ। ਜਿੰਨੀ ਕੁ ਸੰਗੀਤ ਦੀ ਸਮਝ ਸੀ ਉਸ ਨਾਲ਼ ਸ਼ੌਕ ਪੂਰਾ ਕਰਨ ਲਈ ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾ ਤੇ ਜਾ ਕੇ ਗਾਉਣਾ ਸ਼ੁਰੂ ਕਰ ਦਿੱਤਾ ਤੇ ਅੱਜ ਤੱਕ ਜਾਰੀ ਹੈ।"
     ਇਟਲੀ ਵਿੱਚ ਵੀ ਸਾਬਰ ਅਲੀ ਦੀ ਜ਼ਿੰਦਗੀ ਵਿੱਚ ਬੜੇ ਉਤਰਾਅ ਚੜਾਅ ਆਏ ਪਰ ਉਸ ਦਾ ਸੰਗੀਤ ਨਾਲੋਂ ਮੋਹ ਕਦੇ ਨਹੀਂ ਘਟਿਆ। ਹਰ ਮੁਸ਼ਕਿਲ ਦਾ ਉਸ ਨੇ ਹੱਸ ਕੇ ਸਾਹਮਣਾ ਕੀਤਾ। ਧਾਰਮਿਕ ਤੇ ਸੱਭਿਆਚਾਰਕ ਪ੍ਰੋਗਰਾਮਾ 'ਚ ਵੀ ਹਿੱਸਾ ਲੈਂਦਾ ਰਿਹਾ। ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾਂ ਉਹ ਕਰ ਰਿਹਾ ਸੀ ਆਮ ਤੌਰ ਜਦੋਂ ਕੋਈ ਇਸ ਦੌਰ ਚੋਂ ਗੁਜਰ ਰਿਹਾ ਹੋਵੇ ਤਾਂ ਉਸਦਾ ਚਿਹਰਾ ਉਦਾਸਿਆ ਹੀ ਰਹੇਗਾ। ਪਰ ਸਾਬਰ ਅਲੀ ਨੂੰ ਉਨ੍ਹਾਂ ਦਿਨਾਂ ਵਿੱਚ ਵੀ ਮੁਸਕਰਾਉਂਦੇ ਹੀ ਵੇਖਿਆ। ਤੇ ਸਟੇਜ ਤੋਂ ਉਹ ਪ੍ਰਭਜੀਤ ਨਰਵਾਲ ਦਾ ਲਿਖਿਆ ਗੀਤ ਅਕਸਰ ਗਾਉਂਦਾ।
"ਚੰਗੇ ਮਾੜੇ ਦਿਨ ਰਹਿਣ ਚੱਲਦੇ, ਦਿਲ ਛੱਡਣਾ ਨ੍ਹੀਂ ਚਾਹੀਦਾ
                                            ਰੱਬ ਤੋਂ ਬਗੈਰ ਕਿਸੇ ਸਾਹਮਣੇ, ਪੱਲਾ ਅੱਡਣਾ ਨ੍ਹੀਂ ਚਾਹੀਦਾ।"
ਮਾੜੇ ਦਿਨ ਬੀਤ ਜਾਣ ਪਿੱਛੋਂ ਉਸ ਨੇ ਇਹ ਗੀਤ ਆਪਣੀ ਆਵਾਜ਼ ਵਿੱਚ ਰਿਕਾਰਡ ਕਰਵਾਇਆ। ਜੋ ਲਵ ਐਂਟਰਟੇਨਰ ਕੰਪਨੀ ਵੱਲੋਂ "ਫੇਸਬੁੱਕ" ਟਾਈਟਲ ਹੇਠ ਰੀਲੀਜ਼ ਕੀਤੀ ਸੀ ਡੀ ਵਿੱਚ ਸ਼ਾਮਿਲ ਹੈ। ਸਰੋਤਿਆਂ ਵੱਲੋਂ ਸਾਬਰ ਅਲੀ ਦੇ ਗੀਤ ਨੂੰ ਬਹੁਤ ਪਸੰਦ ਕੀਤਾ ਗਿਆ ਹੈ। ਇਸ ਸੀ ਡੀ ਵਿੱਚ ਸਾਬਰ ਅਲੀ ਤੋਂ ਇਲਾਵਾ ਹੋਰ ਕਈ ਨਾਮਵਰ ਗਾਇਕ ਸ਼ਾਮਿਲ ਹਨ। ਸਾਬਰ ਅਲੀ ਦਾ ਲਿਖਿਆ ਇੱਕ ਗੀਤ ਇਟਲੀ ਦੇ ਗਾਇਕ ਪੰਮਾ ਲਧਾਣਾ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕਾ ਹੈ। ਜੋ ਉਸ ਦੀ ਧਾਰਮਿਕ ਸੀ ਡੀ 'ਜਾਗੋ' ਵਿੱਚ ਸ਼ਾਮਿਲ ਹੈ। ਸਾਬਰ ਅਲੀ ਲਈ ਇੱਕ ਹੋਰ ਬੜੇ ਮਾਣ ਵਾਲੀæ ਗੱਲ ਹੈ ਕਿ ਉਸ ਦੇ ਲਿਖੇ ਧਾਰਮਿਕ ਗੀਤਾਂ ਨੂੰ ਇਟਲੀ ਦੇ ਤਕਰੀਬਨ ਸਾਰੇ ਗਾਇਕ ਧਾਰਮਿਕ ਸਮਾਗਮਾਂ ਵਿੱਚ ਅਕਸਰ ਗਾਉਂਦੇ ਹਨ। ਜਲਦ ਹੀ ਸਾਬਰ ਅਲੀ ਖੁਦ ਵੀ ਇੱਕ ਧਾਰਮਿਕ ਸੀ ਡੀ ਸਰੋਤਿਆਂ ਦੀ ਝੋਲ਼ੀ ਪਾਉਣ ਜਾ ਰਿਹਾ ਹੈ।ਸਾਬਰ ਅਲੀ ਧੰਨਵਾਦੀ ਹੈ ਉਨ੍ਹਾਂ ਸਾਰੇ ਦੋਸਤਾਂ ਦਾ ਜਿੰਨ੍ਹਾਂ ਨੇ ਚੰਗੇ ਮਾੜੇ ਹਰ ਵਕਤ ਵਿੱਚ ਹਮੇਸ਼ਾ ਉਸ ਦਾ ਸਾਥ ਦਿੱਤਾ। ਧੰਨਵਾਦੀ ਹੈ ਇਟਲੀ ਦੇ ਸਾਰੇ ਮੰਦਿਰਾਂ ਦੀਆਂ ਪ੍ਰਬੰਧਕ ਕਮੇਟੀਆਂ ਦਾ ਜਿੰਨ੍ਹਾਂ ਉਸ ਨੂੰ ਹਮੇਸ਼ਾ ਪਿਆਰ ਤੇ ਸਹਿਯੋਗ ਦਿੱਤਾ। ਮੈਂ ਦੁਆ ਕਰਦਾ ਹਾਂ ਕਿ ਉਸ ਦਾ ਕਲਾ ਨਾਲ਼ ਮੋਹ ਇੰਝ ਹੀ ਬਰਕਰਾਰ ਰਹੇ ਤੇ ਕਲਾ ਦੇ ਹਰ ਖ਼ੇਤਰ ਵਿੱਚ ਬਹੁਤ ਸਾਰੀਆਂ ਮੱਲਾਂ ਮਾਰੇ।

No comments:

Post a Comment